ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਦਾ ਅਸਲ ਜ਼ਿੰਮੇਵਾਰ ਕੌਣ, ਅਤੇ ਬੇਅਦਬੀ ਰੋਕਣ ਦਾ ਇੱਕ ਉਪਾਅ -: ਇੰਦਰਜੀਤ ਸਿੰਘ, ਕਾਨਪੁਰ
ਸਿੱਖਾਂ ਦੀ ਅੰਤਰ ਆਤਮਾਂ ਅਤੇ ਖੂਨ ਵਿੱਚ ਰਚੇ ਬਸੇ ਉਨ੍ਹਾਂ ਦੇ ਇਕੋ ਇਕ 'ਸ਼ਬਦ ਗੁਰੂ' ਦੀ ਬੇਅਦਬੀ ਦੀਆਂ ਘਟਨਾਵਾਂ ਆਏ ਦਿਨ ਹੁਣ ਆਮ ਗੱਲ ਹੋ ਚੁਕੀ ਹੈ। ਆਪਣੇ ਸ਼ਬਦ ਗੁਰੂ ਦੀ ਬੇਅਦਬੀ ਸਿੱਖ ਕਦੀ ਵੀ ਬਰਦਾਸ਼ਤ ਨਹੀਂ ਕਰਦਾ ਅਤੇ ਉਸ ਲਈ ਆਪਣਾ ਸਿਰ, ਆਪਣੀ ਜਾਨ ਤਕ ਵਾਰ ਦੇਣ ਨੂੰ ਤਿਆਰ ਰਹਿੰਦਾ ਹੈ।

ਸੱਚਾ ਸਿੱਖ ਆਪਣੇ ਜੀਵਨ ਦਾ ਇੱਕ ਇੱਕ ਪਲ ਆਪਣੇ ਸ਼ਬਦ ਗੁਰੂ ਤੋਂ ਸਿਖਿਆ ਲੈ ਕੇ ਬਤੀਤ ਕਰਦਾ ਅਤੇ ਉਸਦੇ ਸ਼ੁਕਰਾਨੇ ਵਿੱਚ ਰਹਿੰਦਾ ਹੈ। ਗੁਰੂ ਗ੍ਰੰਥ ਸਾਹਿਬ ਜੀ ਤੋਂ ਪ੍ਰਾਪਤ ਅਧਿਆਤਮਿਕ ਚਿੰਤਨ ਅਤੇ ਸ਼ਕਤੀ ਨਾਲ ਹੀ ਸਿੱਖੀ ਹੈ। ਗੁਰੂ ਗ੍ਰੰਥ ਸਾਹਿਬ ਤੋਂ ਬਿਨਾਂ ਨਾਂ ਸਿੱਖੀ ਹੈ, ਤੇ ਨਾਂ ਹੀ ਸਿੱਖ ਦਾ ਕੋਈ ਵਜੂਦ ਹੈ।

ਲੇਕਿਨ, ਕਦੀ ਅਸੀਂ ਸੋਚਿਆ ਹੈ ਕਿ ਸ਼ਬਦ ਗੁਰੂ ਦੀ ਆਏ ਦਿਨ ਹੋਣ ਵਾਲੀ ਬੇਅਦਬੀ ਦਾ ਅਸਲ ਜ਼ੁੰਮੇਵਾਰ ਕੌਣ ਹੈ ? ਇਸ ਦੇ ਜ਼ਿੰਮੇਵਾਰ ਅਸੀਂ ਆਪ ਹੀ ਹਾਂ ! ਸਾਡੇ ਅਖੌਤੀ ਆਗੂ ਤੇ ਅਸੀਂ ਇਸ ਲਈ ਬਰਾਬਰ ਦੇ ਜ਼ਿੰਮੇਵਾਰ ਹਾਂ। ਗੁਰੂ ਗ੍ਰੰਥ ਸਾਹਿਬ ਜੀ ਦੇ ਪੱਤਰਿਆਂ ਦੀ ਬੇਅਦਬੀ ਕਰਣ ਵਾਲੇ ਇਕ ਵਾਰ ਫੱੜ ਲਏ ਜਾਣਗੇ। 

ਉਨ੍ਹਾਂ ਨੂੰ ਜੇਲ੍ਹ ਹੋ ਜਾਵੇਗੀ। ਜਮਾਨਤਾਂ 'ਤੇ ਬਾਹਰ ਆ ਜਾਣਗੇ। ਫਿਰ ਇਹੋ ਜਹੀ ਘਟਨਾਂ ਕਿਸੇ ਹੋਰ ਥਾਂ 'ਤੇ ਹੋਵੇਗੀ, ਵਿਰੋਧ, ਧਰਨਿਆਂ ਅਤੇ ਸ਼ਹਾਦਤਾਂ ਦਾ ਸਿਲਸਿਲਾ ਮੁੱੜ ਚੱਲੇਗਾ। ਕੌਮ ਉਸ ਪੁਰਾਣੀ ਘਟਨਾਂ ਨੂੰ ਭੁੱਲ ਜਾਵੇਗੀ (ਜੋਧਪੁਰ ਦਾ ਉਧਾਰਣ ਸਾਡੇ ਸਾਮ੍ਹਣੇ ਹੈ, ਕਿਨਿਆਂ ਨੂੰ ਯਾਦ ਹੈ, ਜੋਧਪੁਰ ਵਾਲਾ ਕਾਂਡ?) ਮੈਂ ਇਹ ਬਿਲਕੁਲ ਨਹੀਂ ਕਹਿ ਰਿਹਾ ਕਿ ਇਹੋ ਜਹੀਆਂ ਘਟਨਾਂਵਾਂ ਦਾ ਵਿਰੋਧ ਸਾਨੂੰ ਨਹੀਂ ਕਰਣਾ ਚਾਹੀਦਾ।

ਇਹ ਸਿਲਸਿਲਾ ਕਦੋਂ ਤੱਕ ਚਲਦਾ ਰਹੇਗਾ? ਅਸੀਂ ਇਹੋ ਜਿਹੀਆਂ ਘਟਨਾਵਾਂ ਦੇ ਵਿਰੋਧ ਵਿੱਚ ਕਦੋਂ ਤੱਕ ਕੋਹ ਕੋਹ ਕੇ ਮਾਰੇ ਜਾਂਦੇ ਰਹਾਂਗੇ? ਕਿਉਂ ਨਹੀਂ ਮਰਦੇ ਇਹ ਸੱਪ ਸਮਾਜੀਏ, ਕਾਲੀਏ, ਅਖੌਤੀ ਫੇਡਰੇਸ਼ਨੀਏ, ਟਕਸਾਲੀਏ ਅਤੇ ਪੰਜਾਬ ਵਿੱਚ ਸਿੱਖੀ ਦਾ ਬੇੜਾ ਗਰਕ ਕਰ ਦੇਣ ਵਾਲੇ ਡੇਰਿਆਂ ਦੇ ਬਾਬੇ? ਮਾਸੂਮ ਸਿੱਖ ਨੌਜੁਆਨ ਹੀ ਗੋਲੀਆਂ ਦੇ ਸ਼ਿਕਾਰ ਕਿਉਂ ਬਣਦੇ ਹਨ? ਕਿਨ੍ਹੀਆਂ ਹੀ ਜਾਨਾਂ ਅਸੀਂ ਸਿਰਫ ਸ਼ਬਦ ਗੁਰੂ ਦੇ ਸਰੂਪਾਂ ਦੇ ਅਪਮਾਨ ਦਾ ਵਿਰੋਧ ਕਰਦਿਆਂ ਗਵਾ ਦਿੱਤੀਆਂ ਹਨ, ਇਸਦਾ ਕੋਈ ਹਿਸਾਬ ਕਿਤਾਬ ਹੀ ਨਹੀਂ ਹੈ। ਕੀ ਅਸੀਂ ਆਪਣੇ ਗੁਰੂ ਦੀ ਇਸੇ ਤਰ੍ਹਾਂ ਬੇਅਦਬੀ ਹੁੰਦਿਆਂ ਅਤੇ ਸ਼ਹਾਦਤਾਂ ਦਿੰਦਿਆਂ ਹੀ, ਮਰ ਮਰ ਕੇ ਜੀਉਦੇ ਰਹਾਂਗੇ ? ਨਹੀਂ ! ਸਾਨੂੰ ਹੁਣ ਇਸਦਾ ਮੁਕੰਮਲ ਉਪਾਅ ਕਰਣਾ ਪਵੇਗਾ।

ਗੁਰੂ ਗ੍ਰੰਥ ਸਾਹਿਬ ਜੀ ਦੇ ਸਰੂਪ ਅੱਜ ਸ਼੍ਰੋਮਣੀ ਕਮੇਟੀ ਦੀ ਨੱਕ ਥੱਲੇ ਛਾਪੇ ਅਤੇ ਵੇਚੇ ਜਾ ਰਹੇ ਹਨ। ਕਈ ਪ੍ਰਾਈਵੇਟ ਪ੍ਰਿੰਟਿੰਗ ਪ੍ਰੈਸਾਂ ਅਤੇ ਪਬਲਿਸ਼ਰ ਗੁਰੂ ਸਾਹਿਬ ਦੇ ਇਨ੍ਹਾਂ ਸਰੂਪਾਂ ਨੂੰ ਛਾਪ ਅਤੇ ਵੇੱਚ ਰਹੇ ਹਨ। ਕੋਈ ਵੀ ਪੈਸੇ ਦੇਵੇ ਤੇ ਸ਼ਬਦ ਗੁਰੂ ਦੇ ਸਰੂਪ ਨੂੰ ਖਰੀਦ ਲਵੇ? ਉਸ ਬੰਦੇ ਦੀ ਸ਼ਿਨਾਖਤ ਵੀ ਨਾਂ ਹੋਵੇ? ਉਸ ਵੇਲੇ ਸਾਡੇ ਦਿਲ ਕਿਉ ਨਹੀਂ ਵਲੂੰਧਰੇ ਜਾਂਦੇ, ਜਦੋਂ ਅਸੀਂ ਇਹ ਸਭ ਆਪਣੀਆਂ ਅੱਖਾਂ ਨਾਲ ਵੇਖਦੇ ਹਾਂ ?

ਜੱਥੇਦਾਰੀਆਂ ਵਿੱਕ ਰਹੀਆਂ ਹਨ, ਸਿਰੋਪੇ ਵਿੱਕ ਰਹੇ ਹਨ, ਅਵਾਰਡ ਵਿੱਕ ਰਹੇ ਹਨ ਪ੍ਰਧਾਨਗੀਆਂ ਵਿੱਕ ਰਹੀਆਂ ਹਨ। ਹੁਣ ਤਾਂ ਸਰੇ ਬਜਾਰ ਸਾਡੇ ਗੁਰੂ ਦੇ ਸਰੂਪ ਵਿੱਕ ਰਹੇ ਨੇ। ਫਿਰ ਸਰਕਾਰਾਂ ਅਤੇ ਆਗੂਆਂ ਨੂੰ ਗਾਲ੍ਹਾਂ ਕਿਉਂ ਕੱਢਦੇ ਹੋ? ਦੋਸ਼ੀ ਤਾਂ ਅਸੀਂ ਆਪ ਹਾਂ। ਜੇ ਅਸੀਂ ਗੁਰੂ ਦੇ ਸਰੂਪਾਂ ਨੂੰ ਬਾਜ਼ਾਰ ਵਿੱਚ ਵਿਕਦਿਆਂ ਅਤੇ ਖਰੀਦਿਆ ਜਾਂਦਾ ਵੇਖ ਸਕਦੇ ਹਾਂ, ਤਾਂ ਸਾਡਾ ਦਿਲ ਕਿਉਂ ਨਹੀਂ ਵਲੂੰਧਰਿਆ ਜਾਂਦਾ ? ਬਿਮਾਰੀ ਦਾ ਇਲਾਜ ਕਰਣ ਨਾਲੋ ਬਿਮਾਰੀ ਤੋਂ ਬਚਾਅ ਕਰ ਲੈਣਾਂ ਸਿਆਣਪ ਹੁੰਦੀ ਹੈ।

ਆਪਣੇ ਮੋਬਾਈਲ ਫੋਨ ਲਈ ਜੇ ਸਾਨੂੰ ਇਕ ਸਿਮ ਕਾਰਡ ਖਰੀਦਨਾਂ ਹੁੰਦਾ ਹੈ, ਤਾਂ ਉਸਨੂੰ ਦੇਣ ਵਾਲਾ ਸਾਡੇ ਕੋਲੋਂ ਸਾਡਾ ਪਤਾ, ਪਰੂਫ ਅਤੇ ਸਾਡੀ ਪਹਿਚਾਨ ਦਾ ਸਬੂਤ ਲੈਂਦਾ ਹੈ। ਇਸ ਤੋਂ ਬਾਅਦ ਸਾਨੂੰ ਉਸ ਸਿਮ ਕਾਰਡ ਨੂੰ ਵੇਰੀਫਾਈ ਕਰਵਾ ਕੇ, ਉਸਨੂੰ ਏਕਟੀਵੇਟ ਕਰਵਾਉਣਾਂ ਪੈਂਦਾ ਹੈ। ਉਹ ਸਿਮ ਕਾਰਡ ਉਸਤੋਂ ਬਾਅਦ ਕੰਮ ਕਰਦਾ ਹੈ। ਉਸ ਕਾਰਡ ਅਤੇ ਫੋਨ ਦਾ ਇਕ ਯੂਨੀਕ ਆਈ. ਅੇਮ. ਈ. ਆਈ. ਨੰਬਰ ਹੂੰਦਾ ਹੈ। ਇਹ ਸਭ ਇਸ ਲਈ ਕੀਤਾ ਜਾਂਦਾ ਹੈ, ਕਿਉਂਕਿ ਜੇ ਕੋਈ ਵੀ ਉਸ ਕਾਰਡ ਦਾ ਗਲਤ ਇਸਤਮਾਲ ਕਰੇ ਤੇ ਉਹ ਫੜਿਆ ਜਾ ਸਕੇ, ਤੇ ਉਸ ਨੂੰ ਸਜ਼ਾ ਦਿੱਤੀ ਜਾ ਸਕੇ।

ਮੇਰੇ ਵੀਰੋ ! ਅਸੀਂ ਤਾਂ ਅਪਣੇ ਗੁਰ ਦੇ ਸਰੂਪ ਨੂੰ ਇਕ ਸਿਮ ਕਾਰਡ ਨਾਲੋਂ ਵੀ ਘੱਟ ਅਹਿਮਿਅਤ ਦਾ ਬਣਾਂ ਦਿਤਾ ਹੈ। ਦਰਬਾਰ ਸਾਹਿਬ ਦੇ ਕਾਂਮਪਲੇਕਸ ਨਾਲ ਜੁੜੀਆਂ ਦੁਕਾਨਾਂ ਵਿੱਚ ਉਹ ਬਿਨਾਂ ਕਿਸੇ ਵੇਰੀਫਿਕੇਸ਼ਨ ਦੇ ਵਿੱਕ ਰਿਹਾ ਹੈ। ਭਾਂਵੇ ਉਸਨੂੰ ਕੋਈ ਲੈ ਜਾਵੇ। ਲੈਣ ਵਾਲੇ ਦਾ ਮਕਸਦ ਅਤੇ ਪਤਾ ਵੀ ਨਹੀਂ ਪੁੱਛਿਆ ਜਾਂਦਾ। ਇਸ ਲਈ ਦੋਸ਼ੀ ਕੌਣ ਹੈ? ਫਿਰ ਕਿਉਂ ਸਾਡੇ ਦਿਲ ਵਲੂੰਧਰੇ ਜਾਂਦੇ ਨੇ? ਗੁਰੂ ਦੇ ਇਸ ਸਰੂਪ ਨੂੰ ਕੋਈ ਵੀ ਅਨਸਰ ਖਰੀਦ ਕੇ ਕਿਤੇ ਵੀ ਲੈ ਜਾਕੇ ਇਸਦੀ ਬੇਅਦਬੀ ਕਰ ਸਕਦਾ ਹੈ।

ਪਹਿਲਾਂ ਵੀ ਕਹਿ ਚੁਕਾ ਹਾਂ ਕਿ ਬਿਮਾਰੀ ਹੋ ਜਾਂਣ 'ਤੇ ਉਸ ਦੀ ਦਵਾਈ ਕਰਣ ਨਾਲੋਂ, ਉਸ ਬਿਮਾਰੀ ਤੋਂ ਬਚਾਅ ਕਰ ਲੈਣਾਂ ਹੀ ਬੇਹਤਰ ਹੁੰਦਾ ਹੈ। ਖਾਲਸਾ ਜੀ ! ਸਭ ਤੋਂ ਪਹਿਲਾਂ ਤਾਂ ਸਾਨੂੰ ਆਪਣੇ ਗੁਰੂ ਦੇ ਸਰੂਪਾਂ ਨੂੰ ਛਾਪਣ ਅਤੇ ਉਸਨੂੰ ਵਿਤਰਿਤ ਕਰਣ ਦੇ ਕਰੜੇ ਨਿਅਮ ਬਨਾਉਣੇ ਪੈਂਣਗੇ। ਗੁਰੂ ਦੇ ਸਰੂਪਾਂ ਨੂੰ ਕੇਵਲ ਇਕ ਥਾਂ 'ਤੇ ਹੀ ਛਾਪਿਆ ਜਾਵੇ। ਛੱਪੇ ਹੋਏ ਸਰੂਪਾਂ ਦੀ ਗਿਣਤੀ ਇਤਨੀ ਸਖਤ ਹੋਵੇ, ਜਿਵੇਂ ਰਿਜ਼ਰਵ ਬੈਂਕ ਆਪਣੀ ਕਰੰਸੀ ਛਾਪਣ ਵਿੱਚ ਵਰਤਦੀ ਹੈ।

ਹਰ ਸਰੂਪ ਤੇ "ਡਿਜਿਟਲ ਬਾਰ ਕੋਡ" Digital Bar Code ਅਤੇ ਉਸ ਦਾ ਯੂਨੀਕ ਰਜਿਸਟਰੇਸ਼ਨ ਨੰਬਰ ਅੰਕਿਤ ਹੋਵੇ। ਇਹ ਸਰੂਪ ਜਦੋਂ ਪ੍ਰੈਸ ਤੋਂ ਬਾਹਰ ਨਿਕਲਣ, ਜਿਸ ਸੰਸਥਾ ਜਾਂ ਵਿਅਕਤੀ ਨੂੰ ਇਹ ਦਿੱਤੇ ਜਾਂਣ, ਉਨ੍ਹਾਂ ਦੀ ਪੂਰੀ ਸ਼ਿਨਾਖਤ ਅਤੇ ਉਨ੍ਹਾਂ ਦੀ ਸ਼ਿਨਾਖਤ ਦਾ ਰਿਕਾਰਡ ਰਖਿਆ ਜਾਵੇ, ਕਿ ਕਿੰਨੇ ਸਰੂਪ ਕਿਸ ਨੂੰ ਦਿੱਤੇ ਗਏ ਹਨ। ਸਰੂਪ ਲੈ ਜਾਂਣ ਵਾਲੇ ਕੋਲੋਂ ਇਨ੍ਹਾਂ ਸਰੂਪਾਂ ਦੀ ਹਿਫਾਜਤ ਅਤੇ ਸਹੀ ਥਾਂ 'ਤੇ ਉਨ੍ਹਾਂ ਦੇ ਸਤਿਕਾਰ ਅਤੇ ਹਿਫਾਜਤ ਦਾ ਹਲਫਨਾਮਾਂ ਲਿਆ ਜਾਵੇ। ਇਹੀ ਵਿਧੀ ਉਸ ਤੋਂ ਅਗੇ ਅਪਣਾਈ ਜਾਵੇ। ਮਜਾਲ ਹੈ ਕਿ ਇਸ ਵਿੱਧੀ ਨਾਲ ਕਿਸੇ ਇਕ ਵੀ ਸਰੂਪ ਦੀ ਬੇਅਦਬੀ ਹੋ ਜਾਵੇ।

ਜੇ ਫਿਰ ਵੀ ਕਿਸੇ ਸਰੂਪ ਦੀ ਬੇਅਦਬੀ ਹੁੰਦੀ ਹੈ, ਤਾਂ ਫੌਰਨ ਉਹ ਬੰਦਾ ਫੜਿਆ ਜਾਵੇਗਾ, ਜੋ ਇਸਨੂੰ ਉਸ ਪ੍ਰੈਸ ਤੋਂ ਲੈ ਕੇ ਗਿਆ ਹੋਵੇਗਾ। ਕਿਉਂਕਿ ਹਰ ਸਰੂਪ ਤੇ ਹਰ ਅੰਕ ਤੇ ਉਸ ਦਾ "ਡਿਜਿਟਲ ਬਾਰ ਕੋਡ" ਮੌਜੂਦ ਹੋਵੇਗਾ। ਦਾਸ ਦੇ ਇਸ ਸੁਝਾਅ ਨੂੰ ਬਹੁਤ ਸਾਰੇ ਲੋਕੀ ਬਹੁਤ ਹਲਕੇ ਵਿੱਚ ਲੈਣਗੇ, ਇਹ ਮੈਨੂੰ ਪਤਾ ਹੈ, ਲੇਕਿਨ ਇਸ ਤੋਂ ਅਲਾਵਾ ਸਾਡੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਹੈ। ਇਹ ਕੰਮ ਔਖਾ ਵੀ ਨਹੀਂ ਹੈ।

ਜਦੋਂ ਤਕ ਸ਼ਬਦ ਗੁਰੂ ਸਾਹਿਬ ਜੀ ਦੇ ਸਰੂਪਾਂ ਨੂੰ ਦੁਕਾਨਾਂ 'ਤੇ ਵੇਚਿਆ ਜਾਂਦਾ ਰਹੇਗਾ, ਇਸ ਦਾ ਮੁੱਲ ਪਿਆ ਰਹੇਗਾ, ਇਹ ਬੇਦਬੀਆਂ ਕੋਈ ਵੀ ਸਿੱਖ ਰੋਕ ਨਹੀਂ ਸਕੇਗਾ। ਪੰਥ ਦੋਖੀ ਤੁਹਾਡੀ ਇਸ ਢਿੱਲ ਦਾ ਫਾਇਦਾ ਚੁਕਦੇ ਰਹਿਣਗੇ, ਤੇ ਅਸੀਂ ਧਰਨੇ ਦੇ ਦੇ ਕੇ ਅਪਣੀਆਂ ਕੀਮਤੀ ਜਾਂਨਾਂ ਭੰਗ ਦੇ ਭਾੜੇ ਰੋੜਦੇ ਰਹਾਂਗੇ।


ਗੁਰੂ ਦਾ ਇਹ ਹੁਕਮ ਹਮੇਸ਼ਾ ਯਾਦ ਰਖੀਏ "ਅਗੋ ਦੇ ਜੇ ਚੇਤੀਐ ਤਾਂ ਕਾਇਤੁ ਮਿਲੈ ਸਜਾਇ ॥" ਤੇ ਆਉ ਗੁਰੂ ਦੇ ਸਰੂਪਾਂ ਦੀ ਛਪਾਈ, ਅਤੇ ਵਿਤਰਣ ਦੇ ਕਰੜੇ ਨਿਅਮ ਬਣਾਈਏ। ਧਰਨੇ ਦੇਣੇ ਹੀ ਨੇ ਤਾਂ, ਚਲ ਕੇ ਉਨ੍ਹਾਂ ਦੁਕਾਨਾਂ, ਪ੍ਰਿੰਟਿੰਗ ਪ੍ਰੈਸਾਂ 'ਤੇ ਚੱਲ ਕੇ ਦੇਈਏ, ਜਿਥੇ ਸਾਡੇ ਗੁਰੂ ਦੇ ਸਰੂਪ ਛਾਪੇ ਅਤੇ ਵੇਚੇ ਜਾ ਰਹੇ ਨੇ। ਜੇ ਐਸੀ ਕੋਈ ਕਮੇਟੀ ਜਾਂ ਨਿਅਮ ਅਸੀਂ ਨਹੀਂ ਬਣਾ ਸਕੇ ਤਾਂ ਆਉਣ ਵਾਲੇ ਸਮੇਂ ਅੰਦਰ ਇਹ, ਇੱਕ ਬਹੁਤ ਵੱਡੀ ਤ੍ਰਾਸਦੀ ਬਣਕੇ ਕੌਮ ਦੇ ਸਾਮ੍ਹਣੇ ਖੜੀ ਹੋ ਜਾਵੇਗੀ।

ਭਾਰਤੀ ਸਮਾਜ ਵਿੱਚ ਗਾਹਲਾਂ ਕੱਢਣ ਦੀ ਪਰੰਪਰਾ - ਜੀ. ਐੱਸ. ਗੁਰਦਿੱਤ
ਗਾਹਲਾਂ ਕੱਢਣ ਦੀ ਪਰੰਪਰਾ ਜਗੀਰਦਾਰੀ ਅਤੇ ਕਬੀਲਾ ਸਮਾਜ ਦੀ ਰਹਿੰਦ ਖੂੰਹਦ ਵਜੋਂ, ਅਜੇ ਵੀ ਸਾਡੇ ਭਾਰਤੀ ਸੁਭਾਅ ਵਿੱਚ ਸ਼ਾਮਲ ਹੈ। ਸਦੀਆਂ ਤੋਂ ਚੱਲੀ ਆ ਰਹੀ ਇਸ ਮਾੜੀ ਪਰੰਪਰਾ ਤੋਂ ਅਸੀਂ ਨਿਜਾਤ ਨਹੀਂ ਪਾ ਸਕੇ। ਭਾਰਤੀ ਸਮਾਜ ਤੋਂ ਪਲਾਇਨ ਕਰਕੇ ਪੱਛਮੀ ਸਮਾਜ ਵਿੱਚ ਜਾ ਕੇ ਜ਼ਿੰਦਗੀ ਜਿਉਣ ਵਾਲੇ ਲੋਕ ਵੀ ਗਾਹਲਾਂ ਵਾਲਾ ਮੋਹ ਛੱਡ ਨਹੀਂ ਸਕੇ। ਇਹ ਵੀ ਧਿਆਨ ਦੇਣ ਵਾਲੀ ਗੱਲ ਹੈ ਕਿ ਭਾਰਤੀ ਸਮਾਜ ਦੀਆਂ ਗਾਹਲਾਂ ਆਮ ਕਰਕੇ ਪੱਛਮੀ ਸਮਾਜ ਦੀਆਂ ਗਾਹਲਾਂ ਤੋਂ ਵੱਖਰੇ ਢੰਗ ਦੀਆਂ ਹੁੰਦੀਆਂ ਹਨ। ਪੱਛਮੀ ਸਮਾਜ ਵਿੱਚ ਜਿਸ ਨੂੰ ਗਾਹਲ ਦਿੱਤੀ ਜਾਂਦੀ ਹੈ, ਉਸੇ ਨਾਲ ਹੀ ਜਬਰਨ ਜਿਨਸੀ ਸੰਬੰਧ ਬਣਾਉਣ ਦਾ ਜ਼ਿਕਰ ਹੁੰਦਾ ਹੈ, ਉਸ ਦੇ ਪਰਿਵਾਰ ਦੀਆਂ ਔਰਤਾਂ ਨਾਲ ਨਹੀਂ। ਪਰ ਭਾਰਤੀ ਸਮਾਜ ਵਿੱਚ ਉਸ ਦੇ ਪਰਿਵਾਰ ਦੀਆਂ ਔਰਤਾਂ ਨੂੰ ਹੀ ਮੁੱਖ ਨਿਸ਼ਾਨਾ ਬਣਾਇਆ ਜਾਂਦਾ ਹੈ। ਅਸੀਂ ਉਹਨਾਂ ਮਾਸੂਮ ਔਰਤਾਂ ਬਾਰੇ ਬੁਰਾ ਭਲਾ ਬੋਲਦੇ ਹਾਂ ਜਿੰਨ੍ਹਾਂ ਦਾ ਅਸਲ ਵਿੱਚ ਕੋਈ ਵੀ ਕਸੂਰ ਨਹੀਂ ਹੁੰਦਾ।
ਪਰ ਫਿਰ ਵੀ ਇੱਥੇ ਇੱਕ ਗੱਲ ਖਾਸ ਤੌਰ ਤੇ ਧਿਆਨ ਮੰਗਦੀ ਹੈ ਕਿ ਗਾਹਲਾਂ ਮੁੱਖ ਤੌਰ ਤੇ ਸਾਡੇ ਮਨ ਦੀ ਇੱਕ ਭੜਾਸ ਹੀ ਹੁੰਦੀ ਹੈ। ਕਿਉਂਕਿ ਜਿਸ ਇਨਸਾਨ ਨੂੰ ਅਸੀਂ ਗਾਹਲਾਂ ਕੱਢ ਰਹੇ ਹੁੰਦੇ ਹਾਂ, ਜਰੂਰੀ ਨਹੀਂ ਕਿ ਉਸ ਦੇ ਪਰਿਵਾਰ ਦੀਆਂ ਔਰਤਾਂ ਬਾਰੇ ਸਾਡੇ ਵਿਚਾਰ ਵੀ ਸਾਡੀਆਂ ਗਾਹਲਾਂ ਵਰਗੇ ਘਟੀਆ ਹੀ ਹੋਣ। ਇਹ ਵੇਖਿਆ ਗਿਆ ਹੈ ਕਿ ਬਹੁਤੀਆਂ ਹਾਲਤਾਂ ਵਿੱਚ ਉਸ ਦੇ ਪਰਿਵਾਰ ਦੀਆਂ ਔਰਤਾਂ ਬਾਰੇ ਸਾਡੇ ਬਿਲਕੁਲ ਵੀ ਮਾੜੇ ਵਿਚਾਰ ਨਹੀਂ ਹੁੰਦੇ। ਸਾਡੇ ਅੰਦਰ ਉਸ ਇਨਸਾਨ ਬਾਰੇ ਤਾਂ ਮੰਦ ਭਾਵਨਾ ਜਰੂਰ ਹੁੰਦੀ ਹੈ ਪਰ ਉਸਦੇ ਪਰਿਵਾਰ ਦੀਆਂ ਔਰਤਾਂ ਬਾਰੇ ਬਿਲਕੁਲ ਵੀ ਨਹੀਂ ਹੁੰਦੀ। ਕਿਉਂਕਿ ਅਸੀਂ ਉਹਨਾਂ ਔਰਤਾਂ ਨੂੰ ਜਾਣਦੇ ਹੀ ਨਹੀਂ ਹੁੰਦੇ। 

ਇਹ ਵੀ ਹੋ ਸਕਦਾ ਹੈ ਕਿ ਜਿਸ ਇਨਸਾਨ ਨੂੰ ਅਸੀਂ ਧੀਆਂ ਭੈਣਾਂ ਦੀਆਂ ਗਾਹਲਾਂ ਕੱਢ ਰਹੇ ਹੁੰਦੇ ਹਾਂ, ਜੇਕਰ ਉਸੇ ਸਮੇਂ ਉਸ ਦੀਆਂ ਧੀਆਂ ਭੈਣਾਂ ਸਾਡੇ ਸਾਹਮਣੇ ਆ ਜਾਣ ਤਾਂ ਸ਼ਾਇਦ ਅਸੀਂ ਸ਼ਰਮ ਨਾਲ ਹੀ ਮਰ ਜਾਈਏ ਕਿ ਇਹਨਾਂ ਔਰਤਾਂ ਬਾਰੇ ਅਸੀਂ ਕਿੰਨਾ ਮੰਦਾ ਬੋਲ ਰਹੇ ਸੀ। ਕਈ ਵਾਰੀ ਤਾਂ ਇੰਜ ਵੀ ਵਾਪਰਦਾ ਹੈ ਕਿ ਕਿਸੇ ਦੁਸ਼ਮਣ ਦੀਆਂ ਪਰਿਵਾਰਕ ਔਰਤਾਂ ਨਾਲ ਸਾਡੇ ਇੰਨੇ ਮਧੁਰ ਸੰਬੰਧ ਹੁੰਦੇ ਹਨ ਕਿ ਸਾਨੂੰ ਫੈਸਲਾ ਕਰਨਾ ਔਖਾ ਹੋ ਜਾਂਦਾ ਹੈ ਆਪਣੇ ਉਸ ਦੁਸ਼ਮਣ ਨੂੰ ਗਾਹਲ ਕਿਹੜੀ ਕੱਢੀਏ। ਇਸ ਲਈ ਇਹ ਵੀ ਧਿਆਨ ਦੇਣ ਯੋਗ ਹੈ ਕਿ ਅੱਜਕਲ ਦੇ ਸਮੇਂ ਵਿੱਚ ਜਰੂਰੀ ਨਹੀਂ ਕਿ ਗਾਹਲਾਂ ਔਰਤਾਂ ਦੇ ਅਪਮਾਨ ਵਜੋਂ ਹੀ ਕੱਢੀਆਂ ਜਾਣ, ਕੁਝ ਲੋਕਾਂ ਲਈ ਤਾਂ ਗਾਹਲਾਂ ਇੱਕ ਫੈਸ਼ਨ ਅਤੇ ਕਈਆਂ ਲਈ ਇੱਕ ਆਦਤ ਵੀ ਬਣ ਕੇ ਰਹਿ ਗਈਆਂ ਹਨ।
ਕਦੇ ਕਦੇ ਤਾਂ ਗਾਹਲਾਂ ਕੱਢਣਾ ਤੇ ਟੂਣਾ ਕਰਨਾ, ਇੱਕੋ ਜਿਹੇ ਹੀ ਕਾਰਜ ਨਜ਼ਰ ਆਉਂਦੇ ਹਨ। ਕਿਉਂਕਿ ਦੋਵੇਂ ਹੀ ਹਥਿਆਰ ਆਪਣੇ ਉਸ ਦੁਸ਼ਮਣ ਪ੍ਰਤੀ ਵਰਤੇ ਜਾਂਦੇ ਹਨ ਜਿਸ ਨਾਲ ਅਸੀਂ ਸਿੱਧੇ ਤੌਰ ਤੇ ਦੋ ਹੱਥ ਨਹੀਂ ਕਰ ਸਕਦੇ। ਕਿਉਂਕਿ ਜਦੋਂ ਅਸੀਂ ਆਪਣੇ ਤਾਕਤਵਰ ਦੁਸ਼ਮਣ ਦਾ, ਸਰੀਰਕ ਪੱਖੋਂ ਕੁਝ ਵਿਗਾੜਨ ਦੇ ਸਮਰੱਥ ਨਹੀਂ ਹੁੰਦੇ ਪਰ ਸਾਡੇ ਉੱਤੇ ਬਦਲੇ ਦੀ ਭਾਵਨਾ ਭਾਰੂ ਹੁੰਦੀ ਹੈ, ਤਾਂ ਅਸੀਂ ਉਸ ਦਾ ਨੁਕਸਾਨ ਕਰਨ ਦੀ ਮਨਸ਼ਾ ਨਾਲ ਉਸਦੇ ਰਾਹਾਂ ਵਿੱਚ ਟੂਣਾ ਕਰਦੇ ਹਾਂ। ਸਾਨੂੰ ਵਿਸ਼ਵਾਸ ਹੁੰਦਾ ਹੈ ਕਿ ਇਸ ਤਰਾਂ ਕਰਨ ਨਾਲ ਦੁਸ਼ਮਣ ਦਾ ਜਰੂਰ ਹੀ ਨੁਕਸਾਨ ਹੋਵੇਗਾ ਅਤੇ ਦੁਸ਼ਮਣ ਤੋਂ ਬਦਲਾ ਲੈਣ ਦਾ ਸਾਡਾ ਮਕਸਦ ਪੂਰਾ ਹੋ ਜਾਵੇਗਾ।
 ਇਸ ਤਰਾਂ ਟੂਣਾ ਕਰਨਾ ਸਰੀਰਕ ਅਤੇ ਰਾਜਸੀ ਤਾਕਤ ਪੱਖੋਂ ਕਮਜ਼ੋਰ ਇਨਸਾਨ ਦਾ ਹਥਿਆਰ ਹੈ ਭਾਵੇਂ ਕਿ ਇਸ ਨਾਲ ਹੋਣਾ ਕੁਝ ਵੀ ਨਹੀਂ ਹੁੰਦਾ। ਪੁਰਾਣੇ ਸਮੇਂ ਵਿੱਚ ਜਦੋਂ ਕੋਈ ਤਾਕਤਵਰ ਦੁਸ਼ਮਣ ਕਿਸੇ ਉੱਤੇ ਕੋਈ ਵਾਧਾ ਕਰਦਾ ਹੋਵੇਗਾ ਤਾਂ ਅਗਲੇ ਦਾ ਵੀ ਦਿਲ ਕਰਦਾ ਹੋਵੇਗਾ ਕਿ ਇੱਟ ਦਾ ਜਵਾਬ ਪੱਥਰ ਨਾਲ ਦੇ ਸਕੇ। ਪਰ ਜਦੋਂ ਉਹ ਆਪਣੀ ਸਮਰੱਥਾ ਵੇਖਦਾ ਹੋਵੇਗਾ ਤਾਂ ਮਨ ਮਸੋਸ ਕੇ ਬਹਿ ਜਾਂਦਾ ਹੋਵੇਗਾ। ਇਸ ਤਰਾਂ ਕਿਸੇ ਸ਼ੈਤਾਨੀ ਦਿਮਾਗ ਨੇ ਟੂਣੇ ਦੀ ਕਾਢ ਕੱਢ ਲਈ ਹੋਵੇਗੀ। ਫਿਰ ਪੁਜਾਰੀ ਵਰਗ ਨੇ ਇਸ ਨੂੰ ਇੱਕ ਕਮਾਈ ਦੇ ਹਥਿਆਰ ਵਜੋਂ ਵਿਕਸਤ ਕਰ ਲਿਆ ਹੋਵੇਗਾ ਜੋ ਕਿ ਅੱਜ ਤੱਕ ਬਾਦਸਤੂਰ ਜਾਰੀ ਹੈ।
ਟੂਣੇ ਵਾਂਗੂੰ ਹੀ ਗਾਹਲਾਂ ਕੱਢਣ ਦੀ ਸ਼ੁਰੂਆਤ ਵੀ ਉਸੇ ਹੀ ਮਾਨਸਿਕਤਾ ਨਾਲ ਸ਼ੁਰੂ ਹੋਈ ਪ੍ਰਤੀਤ ਹੁੰਦੀ ਹੈ। ਪੁਰਾਣੇ ਕਬੀਲਾਈ ਅਤੇ ਰਜਵਾੜਾ ਸ਼ਾਹੀ ਸਮਾਜ ਵਿੱਚ, ਜਦੋਂ ਜਰਵਾਣਿਆਂ ਵੱਲੋਂ, ਨਿਤਾਣਿਆਂ ਦੀਆਂ ਧੀਆਂ ਭੈਣਾਂ ਧੱਕੇ ਨਾਲ ਉਧਾਲ ਲਈਆਂ ਜਾਂਦੀਆਂ ਹੋਣਗੀਆਂ ਤਾਂ ਤਾਕਤਹੀਣ ਇਨਸਾਨ ਕੋਲ ਸਿਰਫ ਗਾਹਲਾਂ ਹੀ ਰਹਿ ਜਾਂਦੀਆਂ ਹੋਣਗੀਆਂ ਜਿੰਨ੍ਹਾਂ ਰਾਹੀਂ ਉਹ ਮਾਨਸਿਕ ਤੌਰ ਤੇ ਹੀ ਆਪਣੇ ਦੁਸ਼ਮਣ ਤੋਂ ਬਦਲਾ ਲੈ ਸਕਦਾ ਸੀ ਕਿਉਂਕਿ ਸਰੀਰਕ ਤੌਰ ਤੇ ਬਦਲਾ ਲੈਣ ਦੇ ਉਹ ਸਮਰੱਥ ਨਹੀਂ ਹੁੰਦਾ ਹੋਣਾ। ਉਹ ਦਿਲੋਂ ਤਾਂ ਚਾਹੁੰਦਾ ਹੋਵੇਗਾ ਕਿ ਆਪਣੀਆਂ ਔਰਤਾਂ ਨੂੰ ਬਚਾ ਕੇ, ਬਦਲਾ ਲੈਣ ਵਜੋਂ ਦੁਸ਼ਮਣ ਦੀਆਂ ਔਰਤਾਂ ਨੂੰ ਉਧਾਲ ਸਕੇ ਪਰ ਉਸ ਕੋਲ ਇੰਨੀ ਸਰੀਰਕ, ਸੰਗਠਨਾਤਮਕ ਅਤੇ ਰਾਜਸੀ ਤਾਕਤ ਨਹੀਂ ਹੁੰਦੀ ਹੋਵੇਗੀ ਕਿ ਉਹ ਇਸ ਤਰਾਂ ਕਰ ਸਕੇ ਅਤੇ ਆਪਣੀ ਬੇਇੱਜ਼ਤੀ ਦਾ ਬਦਲਾ ਲੈ ਸਕੇ। 
ਇਸ ਤਰਾਂ ਉਹ ਮਾਨਸਿਕ ਤੌਰ ਤੇ ਆਪਣੀ ਇੱਜ਼ਤ ਨੂੰ ਬਹਾਲ ਕਰਨ ਦਾ ਤਰੀਕਾ ਇਹੀ ਅਪਣਾਉਂਦਾ ਹੋਵੇਗਾ ਕਿ ਦੁਸ਼ਮਣ ਨੂੰ ਮਾਵਾਂ, ਭੈਣਾਂ ਜਾਂ ਧੀਆਂ ਦੀਆਂ ਗਾਹਲਾਂ ਕੱਢਦਾ ਹੋਵੇਗਾ ਤਾਂ ਕਿ ਉਹ ਦੁਸ਼ਮਣ ਦੀ ਇੱਜ਼ਤ ਨੂੰ ਉਵੇਂ ਹੀ ਮਿੱਟੀ ਵਿੱਚ ਰੋਲਣ ਵਾਲਾ ਟੀਚਾ ਪੂਰਾ ਕਰ ਸਕੇ ਜਿਵੇਂ ਕਿ ਦੁਸ਼ਮਣ ਨੇ ਉਸਦੀ ਆਪਣੀ ਇੱਜ਼ਤ ਨੂੰ ਲੀਰੋ ਲੀਰ ਕੀਤਾ ਹੁੰਦਾ ਸੀ। ਸ਼ਾਇਦ ਇਸ ਤਰਾਂ ਹੀ, ਦੁਸ਼ਮਣ ਦੀਆਂ ਔਰਤਾਂ ਦਾ ਅਪਮਾਨ ਕਰਨ ਵਾਲੇ ਸ਼ਬਦ ਘੜੇ ਗਏ ਹੋਣਗੇ ਜੋ ਕਿ ਗਾਹਲਾਂ ਦੇ ਰੂਪ ਵਿੱਚ ਅੱਜ ਤੱਕ ਸਾਡੇ ਬੋਲਚਾਲ ਦਾ ਹਿੱਸਾ ਬਣੇ ਹੋਏ ਹਨ।
ਇਸ ਲਈ ਅੱਜ ਤਾਂ ਭਾਵੇਂ ਬਹੁਤੇ ਲੋਕ ਕਿਸੇ ਆਦਤ ਤੋਂ ਮਜਬੂਰ ਹੀ ਗਾਹਲਾਂ ਕੱਢਦੇ ਹੋਣਗੇ ਪਰ ਇਹਨਾਂ ਦੀ ਸ਼ੁਰੂਆਤ ਜਰੂਰ ਹੀ ਕਿਸੇ ਹੀਣ ਭਾਵਨਾ ਤੋਂ ਹੀ ਹੋਈ ਹੋਵੇਗੀ। ਇਸ ਲਈ ਸ਼ੁਰੂਆਤੀ ਸਮੇਂ ਵਿੱਚ ਜਰੂਰ ਹੀ ਇਹ ਕਮਜ਼ੋਰਾਂ ਦਾ ਹੀ ਹਥਿਆਰ ਰਹੀਆਂ ਹੋਣਗੀਆਂ। ਇੱਕ ਨਤੀਜਾ ਇਹ ਵੀ ਨਿੱਕਲਦਾ ਹੈ ਕਿ ਜਿਹੜੇ ਸਮਾਜ ਵਿੱਚ ਔਰਤਾਂ ਪ੍ਰਤੀ ਵਿਤਕਰਾ ਵੱਧ ਹੁੰਦਾ ਹੈ ਉਥੋਂ ਦੀ ਬੋਲ ਚਾਲ ਦੀ ਭਾਸ਼ਾ ਵਿੱਚ ਵੀ, ਵਿਤਕਰੇ ਵਾਲੇ ਸ਼ਬਦ ਲੋਕ ਮਨਾਂ ਵਿੱਚ ਜੜ੍ਹਾਂ ਤੱਕ ਧਸ ਜਾਂਦੇ ਹਨ। ਕਿਉਂਕਿ ਆਪਣੇ ਖਾਨਦਾਨ ਦੀ ਇੱਜ਼ਤ ਵਾਲੀ ਮਾਨਸਿਕਤਾ ਸਾਡੇ ਭਾਰਤੀ ਸਮਾਜ ਦੇ ਅੰਤਰੀਵ ਮਨਾਂ ਦੇ ਅੰਦਰ ਤੱਕ ਵਸੀ ਹੋਈ ਹੈ। ਇਹ ਵੇਖਕੇ ਕਿਸੇ ਬਾਹਰੀ ਸਮਾਜ ਵਾਲੇ ਨੂੰ ਸ਼ਾਇਦ ਹੈਰਾਨੀ ਵੀ ਹੋਵੇ ਕਿ ਸਾਡੇ ਸਮਾਜ ਵਿੱਚ, ਖੁਦ ਔਰਤਾਂ ਨੇ ਵੀ ਇਸ ਵਿਤਕਰੇ ਨੂੰ ਚੁੱਪ ਪ੍ਰਵਾਨਗੀ ਦੇ ਰੱਖੀ ਹੈ। ਕਿਉਂਕਿ ਔਰਤਾਂ ਦੀਆਂ ਗਾਹਲਾਂ ਵਿੱਚ ਵੀ, ਆਪਣੇ ਪਰਿਵਾਰ ਦੇ ਮਰਦਾਂ ਵੱਲੋਂ, ਬਿਗਾਨੇ ਪਰਿਵਾਰ ਦੀਆਂ ਔਰਤਾਂ ਨੂੰ ਹੀ ਨਿਸ਼ਾਨਾ ਬਣਾਇਆ ਜਾਂਦਾ ਹੈ, ਜਿਵੇਂ ਕਿ ‘ਮੇਰੇ ਪਿਓ ਦਿਆ ਸਾਲਿਆ’ ਜਾਂ ‘ਮੇਰੇ ਭਰਾ ਦੀਏ ਰੰਨੇ’ ਆਦਿ।
ਬਹੁਤੀ ਵਾਰੀ ਤਾਂ ਅਸੀਂ ਅਕਸਰ ਹੀ ਹਵਾ ਵਿੱਚ ਹੀ ਗਾਹਲਾਂ ਕੱਢਦੇ ਰਹਿੰਦੇ ਹਾਂ ਜਿੰਨ੍ਹਾਂ ਦਾ ਕਿਸੇ ਨਾਲ ਵੀ ਕੋਈ ਸੰਬੰਧ ਨਹੀਂ ਹੁੰਦਾ। ਜਿਵੇਂ ਕਿ ਕਈ ਵਾਰੀ ਅਸੀਂ ਨਿਰਜੀਵ ਚੀਜ਼ਾਂ ਨੂੰ ਹੀ ਗਾਹਲਾਂ ਕੱਢਦੇ ਰਹਿੰਦੇ ਹਾਂ ਜਿਸ ਦਾ ਅਸਲ ਵਿੱਚ ਕੋਈ ਅਰਥ ਹੀ ਨਹੀਂ ਹੁੰਦਾ। ਕਈ ਲੋਕ ਜ਼ਿੰਦਗੀ ਦੀਆਂ ਤੰਗੀਆਂ ਤੁਰਸ਼ੀਆਂ ਤੋਂ ਤੰਗ ਆ ਕੇ ਰੱਬ ਨੂੰ ਹੀ ਊਟ ਪਟਾਂਗ ਗਾਹਲਾਂ ਕੱਢਦੇ ਰਹਿੰਦੇ ਹਨ। ਜਦੋਂ ਅੰਤਾਂ ਦਾ ਸੋਕਾ ਪਿਆ ਹੋਵੇ ਤਾਂ ਖੇਤੀਬਾੜੀ ਦੇ ਧੰਦੇ ਨਾਲ ਜੁੜੇ ਕੁਝ ਲੋਕ ਰੱਬ ਅੱਗੇ ਅਰਦਾਸਾਂ ਕਰਦੇ ਹਨ ਅਤੇ ਕੁਝ ਲੋਕ ਰੱਬ ਦੀ ਧੀ ਭੈਣ ਇੱਕ ਕਰ ਦਿੰਦੇ ਹਨ। ਇਸੇ ਤਰਾਂ ਜਦੋਂ ਸਮਾਜ ਵਿੱਚ ਭਲੇ ਬੰਦੇ ਨਾਲ ਬੁਰੀਆਂ ਘਟਨਾਵਾਂ ਹੀ ਹੋਈ ਜਾਣ ਅਤੇ ਮਾੜੇ ਕਿਰਦਾਰ ਵਾਲੇ ਐਸ਼ਾਂ ਕਰ ਰਹੇ ਹੋਣ ਤਾਂ ਉਸ ਹਾਲਤ ਵਿੱਚ ਵੀ ਕੁਝ ਲੋਕ ਰੱਬ ਨੂੰ ਗਾਹਲਾਂ ਕੱਢਣਾ ਆਪਣਾ ਹੱਕ ਹੀ ਸਮਝਣ ਲੱਗ ਪੈਂਦੇ ਹਨ। ਅਸਲ ਵਿੱਚ ਆਮ ਭਾਰਤੀ ਲੋਕਾਂ ਵਿੱਚ ਰੱਬ ਦਾ ਅਕਸ ਇੱਕ ਇਨਸਾਨ ਵਰਗਾ ਹੀ ਹੈ। ਇਸ ਲਈ ਉਸਦੀ ਮਾਂ, ਭੈਣ ਜਾਂ ਧੀ ਦੀ ਕਲਪਨਾ ਆਮ ਹੀ ਕਰ ਲਈ ਜਾਂਦੀ ਹੈ। ਜਿਵੇਂ ਕਿ ਕਈ ਵਾਰੀ ਕੁਝ ਲੋਕ ਬੜੀ ਗੰਭੀਰਤਾ ਨਾਲ ਕਹਿੰਦੇ ਸੁਣੇ ਜਾਂਦੇ ਹਨ ਕਿ ‘ਅੱਜ ਰੱਬ ਬੜਾ ਕਹਿਰਵਾਨ ਹੋਇਆ ਪਿਆ ਹੈ, ਲੱਗਦਾ ਹੈ ਰੱਬਣੀ ਨੇ ਇਹਨੂੰ ਰੋਟੀ ਨਹੀਂ ਪਕਾ ਕੇ ਦਿੱਤੀ ਹੋਣੀ।’
ਉਂਜ ਤਾਂ ਗਾਹਲਾਂ ਆਹਮੋ ਸਾਹਮਣੀਆਂ ਹੀ ਕੱਢਣ ਦਾ ਰਿਵਾਜ਼ ਰਿਹਾ ਹੈ ਪਰ ਅੱਜਕਲ ਇੰਟਰਨੈੱਟ ਦੇ ਜ਼ਮਾਨੇ ਵਿੱਚ ਆਨਲਾਈਨ ਗਾਹਲਾਂ ਕੱਢਣ ਦਾ ਵੀ ਬੜਾ ਰੁਝਾਨ ਵੇਖਿਆ ਜਾ ਰਿਹਾ ਹੈ। ਸੋਸ਼ਲ ਮੀਡੀਆ ਉੱਤੇ ਇੱਕ ਦੂਜੇ ਨੂੰ ਸ਼ਰੇਆਮ ਗਾਹਲਾਂ ਕੱਢੀਆਂ ਜਾ ਰਹੀਆਂ ਹਨ। ਫੇਸਬੁੱਕ ਅਤੇ ਟਵਿਟਰ ਉੱਤੇ ਚੰਗੇ ਭਲੇ, ਪੜ੍ਹੇ ਲਿਖੇ ਲੋਕ ਗਾਹਲਾਂ ਦਾ ਮੀਂਹ ਵਰਾਹੁੰਦੇ ਵੇਖੇ ਜਾ ਸਕਦੇ ਹਨ। ਇਸੇ ਤਰਾਂ ਕਿਸੇ ਅਖਬਾਰ ਦੀ ਆਨਲਾਈਨ ਖਬਰ ਉੱਤੇ ਆਈਆਂ ਟਿੱਪਣੀਆਂ ਵਿੱਚ ਬਹੁਤ ਨੀਵੇਂ ਪੱਧਰ ਦੀਆਂ ਗਾਹਲਾਂ ਪੜ੍ਹੀਆਂ ਜਾ ਸਕਦੀਆਂ ਹਨ। ਸਿਆਸੀ ਖਬਰਾਂ ਉੱਤੇ ਤਾਂ ਗਾਹਲਾਂ ਦੀ ਗੁੰਜਾਇਸ਼ ਹੋਰ ਵੀ ਵਧ ਜਾਂਦੀ ਹੈ। ਆਪਣੀ ਨਾਪਸੰਦ ਸਿਆਸੀ ਪਾਰਟੀ ਦੇ ਨੇਤਾ ਬਾਰੇ ਸਿਰੇ ਦੀ ਭੱਦੀ ਸ਼ਬਦਾਵਲੀ ਆਮ ਹੀ ਵੇਖੀ ਜਾ ਸਕਦੀ ਹੈ। ਬੇਸ਼ਕ ਇਹ ਇੱਕ ਸਿਰੇ ਦਾ ਮਾੜਾ ਰੁਝਾਨ ਹੈ ਪਰ ਇਸਦਾ ਅੰਤ ਅਜੇ ਨੇੜਲੇ ਭਵਿੱਖ ਵਿੱਚ ਨਜ਼ਰ ਨਹੀਂ ਆਉਂਦਾ।

by writer g . s gurditt 

https://www.facebook.com/gurditgs

ਸੱਪ, ਸਪੇਰਾ ਅਤੇ ਸੱਚ.....


 

ਮਨੁੱਖ ਦਾ ਸੱਪਾਂ ਨਾਲ ਰਿਸ਼ਤਾ ਬਹੁਤ ਪੁਰਾਣਾ ਹੈ।  ਕਈ ਕਬੀਲਿਆਂ ਵਿੱਚ ਸੱਪ ਨੂੰ ‘ਦੇਵਤਾ’ ਮੰਨਿਆ ਗਿਆ ਹੈ ਤੇ ਲੋਕ ਉਸ ਨੂੰ ਸ਼ਰਧਾ ਵਸ ਦੁੱਧ ਪਿਲਾਉਂਦੇ ਹਨ। ਭਾਰਤ ਵਿੱਚ ਸੱਪਾਂ ਨਾਲ ਸਬੰਧਤ ਅਨੇਕਾਂ ਲੋਕ ਕਥਾਵਾਂ ਪ੍ਰਚੱਲਤ ਹਨ। ‘ਸੱਪ ਦਾ ਪੁੱਤ ਸੱਪ’ ਜਾਂ ‘ਸੱਪ ਦੇ ਮੂੰਹ ਕੋਹੜਕਿਰਲੀ’ ਵਰਗੀਆਂ ਅਖੌਤਾਂ ਵੀ ਸੱਪਾਂ ਨਾ ਸਬੰਧਤ ਹਨ। ਲੋਕ ਸਾਹਿਤ ਅਤੇ ਗੀਤਾਂ ਵਿੱਚ ਵੀ ਸੱਪਾਂ ਦਾ ਜ਼ਿਕਰ ਮਿਲਦਾ ਹੈ।

 ਪੰਜਾਬੀਆਂ ਦਾ ਸੱਪਾਂ ਨਾਲ ਕੌੜਾ-ਮਿੱਠਾ ਜਿਹਾ ਰਿਸ਼ਤਾ ਹੈ ਪਰ ਜ਼ਿਆਦਾਤਰ ਇਹ ਕੌੜਾ ਹੀ ਹੈ। ਪੰਜਾਬੀ ਲੋਕ ਡਰ ਅਤੇ ਸਤਿਕਾਰ ਦੇ ਮਿਲੇ-ਜੁਲੇ ਭਾਵਾਂ ਕਰਕੇ ਸੱਪ ਨੂੰ ‘ਸੱਪ’ ਕਹਿਣ ਤੋਂ ਕਤਰਾਉਂਦੇ ਹਨ ਅਤੇ ਉਸ ਨੂੰ ‘ਬਾਬਾ’ ਜਾਂ ‘ਕੀੜਾ’ ਜਾਂ ਫਿਰ ‘ਧਰਤੀ ਆਲਾ’ ਆਦਿ ਦੇ ਨਾਂ ਨਾਲ ਸੱਦਦੇ ਹਨ। ਇਸੇ ਤਰ੍ਹਾਂ ਸੱਪ ਦੇ ਡਸਣ ਜਾਂ ਕੱਟਣ ਨੂੰ ਵੀ ਪੰਜਾਬੀ ‘ਬਾਬੇ ਦੀ ਮਿੱਟੀ ਲੱਗ ਗਈ’ ਜਾਂ ‘ਧਰਤੀ ਆਲਾ ਗਿਆ’ ਜਾਂ ਫਿਰ ‘ਕੀੜਾ ਤੁਰ ਗਿਆ’ ਆਦਿ ਨਾਵਾਂ ਨਾਲ ਬਿਆਨ ਕਰਦੇ ਹਨ।  

ਭਾਰਤ ਤਕਰੀਬਨ 400 ਕਿਸਮ ਦੇ ਜ਼ਮੀਨੀ ਸੱਪਾਂ ਦਾ ਘਰ ਹੈ। ਹਰੇਕ ਸਾਲ ਦੁਨੀਆਂ ਵਿੱਚ ਸੱਪ ਲਗਪਗ 54 ਲੱਖ ਲੋਕਾਂ ਨੂੰ ਕੱਟਦੇ ਹਨ ਜਿਨ੍ਹਾਂ ਵਿੱਚੋਂ ਤਕਰੀਬਨ ਸਵਾ ਲੱਖ ਦੀ ਮੌਤ ਹੋ ਜਾਂਦੀ ਹੈ। ਉਨ੍ਹਾਂ ਵਿੱਚੋਂ ਇਕੱਲੇ ਭਾਰਤ ਵਿੱਚ ਲਗਪਗ 46,000 ਸਾਲਾਨਾ ਲੋਕਾਂ ਦੀ ‘ਨਾਗ ਦੇਵਤਾ’ ਬਲੀ ਲੈ ਲੈਂਦਾ ਹੈ। ਪੰਜਾਬ ਵਿੱਚ ਵੀ ਸੱਪ 365 ਦਿਨਾਂ ਵਿੱਚ ਲਗਪਗ 1500 ਲੋਕਾਂ ਨੂੰ ਆਪਣਾ ਸ਼ਿਕਾਰ ਬਣਾਉਂਦਾ ਹੈ।

ਸੱਪ ਦੇ ਕੱਟਣ ਦੇ ਇਲਾਜ

ਮਰੀਜ਼ ਨੂੰ ਇਹ ਦੱਸਣਾ ਕਿ ਸਾਰੇ ਸੱਪ ਜ਼ਹਿਰੀਲੇ ਨਹੀਂ ਹੁੰਦੇ, ਇਲਾਜ ਦਾ ਮੁਢਲਾ ਅਸੂਲ ਹੈ। ਮਰੀਜ਼ ਨੂੰ ਇਹ ਦੱਸ ਕੇ ਹੌਸਲਾ ਵਧਾਉਣ ਤੋਂ ਬਾਅਦ ਸੱਪ ਦੇ ਕੱਟੇ ਹੋਏ ਹਿੱਸੇ ਨੂੰ ਕਰੇਪ-ਬੈਂਡੇਜ ਜਾਂ ਕਿਸੇ ਫੱਟੀ ਨਾਲ ਬੰਨ੍ਹ ਦੇਣਾ ਚਾਹੀਦਾ ਹੈ ਤਾਂ ਜੋ ਸਰੀਰ ਦਾ ਉਹ ਹਿੱਸਾ ਹਿੱਲ ਨਾ ਸਕੇ। 

ਹਿੱਲਣ-ਡੁੱਲਣ ਨਾਲ ਜ਼ਹਿਰ ਤੇਜ਼ੀ ਨਾਲ ਫੈਲਦਾ ਹੈ। ਫਿਰ ਇਹ ਵੇਖੋ ਕਿ ਡੰਗ ਵਾਲੀ ਥਾਂ ’ਤੇ ਕੋਈ ਸੋਜ਼ਿਸ਼ ਤਾਂ ਨਹੀਂ ਹੈ? ਜੇਕਰ ਸੋਜ਼ਿਸ਼ ਆ ਰਹੀ ਹੋਵੇ ਤਾਂ ਉਸ ਦੇ ਬਿਲਕੁਲ ਉਪਰ 2-4 ਸੈਂਟੀਮੀਟਰ ਚੌੜਾ ਇੱਕ ਕੱਪੜਾ ਬੰਨ੍ਹ ਦਿਓ ਅਤੇ ਛੇਤੀ ਤੋਂ ਛੇਤੀ ਮਰੀਜ਼ ਨੂੰ ਹਸਪਤਾਲ ਲਿਜਾਣ ਦਾ ਪ੍ਰਬੰਧ ਕਰੋ। ਦੋ ਗੱਲਾਂ ਬਹੁਤ ਧਿਆਨ ਦੇਣ ਵਾਲੀਆਂ ਹਨ-

- ਪਹਿਲੀ, ਡੰਗ ਨੂੰ ਚੀਰਾ ਬਿਲਕੁਲ ਨਹੀਂ ਦੇਣਾ,
ਦੂਜੀ, ਜ਼ਹਿਰ ਮੂੰਹ ਨਾਲ ਚੂਸਣ ਦੀ ਕੋਸ਼ਿਸ਼ ਬਿਲਕੁਲ ਨਾ ਕਰਨਾ।
ਇਨ੍ਹਾਂ ਦੋਵੇਂ ਗੱਲਾਂ ਦਾ ਫ਼ਾਇਦਾ ਕੁਝ ਨਹੀਂ ਪਰ ਨੁਕਸਾਨ ਜ਼ਿਆਦਾ ਹੈ।

ਜਦੋਂ ਮਰੀਜ਼ ਹਸਪਤਾਲ ਪਹੁੰਚ ਜਾਵੇ ਤਾਂ ਡਾਕਟਰ ਉਸ ਦਾ ਮੁਆਇਨਾ ਕਰ ਕੇ ਪਤਾ ਲਗਾਉਂਦੇ ਹਨ ਕਿ ਇਹ ਡੰਗ ਜ਼ਹਿਰੀਲਾ ਹੈ ਵੀ ਜਾਂ ਨਹੀਂ? ਜੇ ਡਾਕਟਰ ਨੂੰ ਲੱਗਦਾ ਹੈ ਕਿ ਡੰਗ ਜ਼ਹਿਰੀਲਾ ਨਹੀਂ ਤਾਂ ਮਰੀਜ਼ ਨੂੰ ਸਿਰਫ਼ 24 ਘੰਟੇ ਨਿਗਰਾਨੀ ਹੇਠ ਰੱਖਿਆ ਜਾਂਦਾ ਹੈ ਪਰ ਜੇ ਇਹ ਜ਼ਹਿਰੀਲਾ ਹੋਵੇ ਤਾਂ ‘ਐਂਟੀ ਸਨੇਕ ਵੇਨਿਸ’ ਭਾਵ ‘ਜ਼ਹਿਰ ਕਾਟ’ ਨਾਲ  ਮਰੀਜ਼ ਦਾ ਇਲਾਜ ਸ਼ੁਰੂ ਕਰ ਦਿੱਤਾ ਜਾਂਦਾ ਹੈ।

 ਇਹ ਦੋ ਪ੍ਰਕਾਰ ਦਾ ਹੁੰਦਾ ਹੈ- ‘ਮੋਨੇਵੈਲੇਂਟ’ ਭਾਵ ਖ਼ਾਸ ਜ਼ਹਿਰ ਦਾ ਖ਼ਾਸ ਅਤੇ ‘ਪੌਲੀਵੈਲੇਂਟ’ ਜਿਸ ਵਿੱਚ ਕੋਬਰੇ, ਕੁਰੈਤ,ਵਾਈਪਰ ਅਤੇ ਸਾਅ ਸਕੇਲਡ ਵਾਈਪਰ, ਚਾਰਾਂ ਦਾ ਕਾਟ ਮੌਜੂਦ ਹੁੰਦਾ ਹੈ। ਏ.ਐੱਸ.ਵੀ. ਹੀ ਸੱਪ ਦੇ ਡੰਗ ਦਾ ਪੱਕਾ ਇਲਾਜ ਹੈ। ਏ.ਐੱਸ.ਵੀ. ਤੋਂ ਬਿਨਾਂ ਹੋਰ ਵੀ ਕਈ ਕਿਸਮ ਦੀਆਂ ਦਵਾਈਆਂ ਜਿਵੇਂ ਦਰਦ ਤੇ ਟੈਟਨਸ ਦੀ ਦਵਾਈ, ਨਿਓਮਟਿਮੀਸ, ਗੂਲੂਕੋਜ਼, ਖ਼ੂਨ, ਐਡਰੀਸੇਲੀਨ, ਸਟੀਰੋਇਡ ਆਦਿ ਡਾਕਟਰ ਮਰੀਜ਼ ਦੇ ਲੱਛਣਾਂ ਅਤੇ ਆਪਣੀ ਸਮਝ ਮੁਤਾਬਿਕ ਇਲਾਜ ਲਈ ਵਰਤਦੇ ਹਨ।

ਸੱਪ ਡੰਗ ਨਾਲ ਜੁੜੇ ਵਹਿਮ-ਭਰਮ

ਸੱਪ ਦੇ ਡੰਗ ਦੇ ਇਲਾਜ ਨਾਲ ਲੋਕਾਂ ਵਿੱਚ ਮੁੱਖ ਤੌਰ ’ਤੇ ਮਣਕਾ ਲਾਉਣ ਅਤੇ ਗੁੱਗੇ ਪੀਰ ਦਾ ਹਥੌਲਾ ਕਰਵਾਉਣ ਦੇ ਵਹਿਮ-ਭਰਮ ਪ੍ਰਚੱਲਤ ਹਨ, ਜਿਨ੍ਹਾਂ ਬਾਰੇ ਜਾਣਨਾ ਜ਼ਰੂਰੀ ਹੈ:
(1) ਮਣਕਾ
ਡਾ. ਗਗਨਦੀਪ ਸਿੰਘ ਸ਼ੇਰਗਿੱਲ

ਮਣਕਾ ਇੱਕ ਤਿਕੋਨੀ ਜਾਂ ਚੌਰਸ ਪੱਥਰਨੁਮਾ ਚੀਜ਼ ਹੈ ਜੋ ਸਪੇਰਿਆਂ ਕੋਲ ਹੁੰਦੀ ਹੈ। ਸਪੇਰਿਆਂ ਜਾਂ ਬੰਗਾਲਿਆਂ ਮੁਤਾਬਿਕ ਇਹ ਬੀਆਬਾਨ ਜੰਗਲਾਂ ਵਿੱਚ ਰਹਿੰਦੇ ਅਤਿਅੰਤ ਖ਼ਤਰਨਾਕ ਤੇ ਜ਼ਹਿਰੀਲੇ ਸੱਪ ਦੇ ਥੁੱਕ ਤੋਂ ਬਣਦਾ ਹੈ। 

ਬੰਗਾਲੇ ਇਹ ਮਣਕਾ ਅਕਸਰ ਹੀ ਅੱਗੇ 500 ਤੋਂ ਲੈ ਕੇ 5000 ਰੁਪਏ ਤਕ ਵੇਚ ਦਿੰਦੇ ਹਨ। ਇਹ ਮਣਕਾ ਅੱਗੇ ਦਰ ਅੱਗੇ ਪਿੰਡ-ਦਰ-ਪਿੰਡ ਸਿਆਣਿਆਂ ਕੋਲ ਪਹੁੰਚ ਜਾਂਦਾ ਹੈ। ਲਗਪਗ ਹਰ ਪਿੰਡ ਵਿੱਚ ਇੱਕ ਜਾਂ ਦੋ ਸਿਆਣਿਆਂ ਕੋਲ ਇਹ ਮਣਕਾ ਮੌਜੂਦ ਹੁੰਦਾ ਹੈ ਅਤੇ ਉਸ ਸਿਆਣੇ ਦੀ ਪਿੰਡ ਵਿੱਚ ਇਸ ਮਣਕੇ ਕਰਕੇ ਭਾਰੀ ਪੁੱਛ ਹੁੰਦੀ ਹੈ। ਜਦੋਂ ਕਿਸੇ ਬੰਦੇ ਦੇ ਸੱਪ ਲੜਦਾ ਹੈ ਤਾਂ ਉਸ ਨੂੰ ਸਭ ਤੋਂ ਪਹਿਲਾਂ ਉਸ ਸਿਆਣੇ ਕੋਲ ਜਾਂ ਫਿਰ ਬੰਗਾਲੇ ਕੋਲ ਪੇਸ਼ ਕੀਤਾ ਜਾਂਦਾ ਹੈ। 

ਬੰਗਾਲਾ ਸਿੰਧੂਰ ਦੀ ਪੋਟਲੀ ’ਚੋਂ ਮਣਕਾ ਕੱਢ ਕੇ ਕੱਚੀ ਲੱਸੀ ਵਿੱਚ ਉਸ ਨੂੰ ਇਸ਼ਨਾਨ ਕਰਵਾਉਂਦਾ ਹੈ। ਉਸ ਤੋਂ ਬਾਅਦ ਉਹ ਤੇਜ਼ੀ ਨਾਲ ਹਰਕਤ ਕਰਦੇ ਹੋਏ ਮਣਕੇ ਨੂੰ ਜ਼ਖ਼ਮ ’ਤੇ ਰੱਖ ਦਿੰਦਾ ਹੈ ਅਤੇ ਉਹ ਮਰੀਜ਼ ਦੇ ਜ਼ਖ਼ਮ ਦੇ ਆਲੇ-ਦੁਆਲੇ ਗੋਲਾਈ ਵਿੱਚ ਬਲੇਡ ਨਾਲ 4-5 ਕੱਟ ਲਗਾਉਂਦਾ ਹੈ ਤੇ ਐਲਾਨ ਕਰਦਾ ਹੈ ‘ਮਣਕਾ ਲੱਗ ਗਿਆ’। ਮਣਕਾ ਲੱਗਣ ਤੋਂ ਬਾਅਦ ਸਪੇਰਾ ਜਾਂ ਸਿਆਣਾ ਮਰੀਜ਼ ਨੂੰ ਕੁਝ ਜੜ੍ਹੀ-ਬੂਟੀਆਂ ਖਾਣ ਲਈ ਦਿੰਦਾ ਹੈ ਅਤੇ ਸਭ ਨੂੰ ਬੇਫ਼ਿਕਰ ਹੋ ਜਾਣ ਲਈ ਕਹਿੰਦਾ ਹੈ। ਮੰਨਿਆ ਜਾਂਦਾ ਹੈ ਕਿ ਇਹ ਮਣਕਾ ਜ਼ਹਿਰੀਲੇ ਤੋਂ ਵੀ ਜ਼ਹਿਰੀਲਾ ਜ਼ਹਿਰ ਆਸਾਨੀ ਨਾਲ ਚੂਸ ਸਕਦਾ ਹੈ।

(2) ਗੁੱਗਾ ਜ਼ਾਹਰ ਪੀਰ ਦਾ ਹਥੌਲਾ
ਗੁੱਗੇ ਪੀਰ ਬਾਰੇ ਇਹ ਧਾਰਨਾ ਹੈ ਕਿ ਇਸ ਪੀਰ ਤੋਂ ਸੱਪ ਡਰਦੇ ਹਨ। ਮੰਨਿਆ ਜਾਂਦਾ ਹੈ ਕਿ ਧਰਤੀ ’ਤੇ ਮੌਜੂਦ ਗੰਡੋਏ ਅਸਲ ਵਿੱਚ ਭਾਰੀ-ਭਰਕਮ, ਤਾਕਤਵਰ ਅਤੇ ਲੰਮੇ ਜ਼ਹਿਰੀਲੇ ਸੱਪ ਸਨ, ਜਿਨ੍ਹਾਂ ਚੋਂ ਗੁੱਗੇ ਪੀਰ ਨੇ ਜ਼ਹਿਰ ਚੂਸ ਲਿਆ।

 ਇੰਜ ਉਹ ਵਿਚਾਰੇ ਨਿਰਬਲ ਅਤੇ ਨਿੱਕੇ-ਨਿੱਕੇ ਹੋ ਗਏ। ਅਕਸਰ ਹੀ ਜਦੋਂ ਕਿਸੇ ਦੇ ਸੱਪ ਡੰਗ ਮਾਰ ਜਾਵੇ ਤਾਂ ਉਸ ਨੂੰ ਗੁੱਗੇ ਦੇ ਅਸਥਾਨ, ਜਿਸ ਨੂੰ ਕਿ ‘ਮਾੜੀ’ ਕਿਹਾ ਜਾਂਦਾ ਹੈ ਲਿਜਾਣ ਦੀ ਸਲਾਹ ਦੇਣ ਵਾਲੇ ਅਨੇਕਾਂ ਮੂੰਹ ਮਿਲ ਜਾਂਦੇ ਹਨ। ਗੁੱਗੇ ਮਾੜੀ ਲਿਜਾ ਕੇ ਮਰੀਜ਼ ਦਾ ਮੋਰ ਦੇ ਖੰਭਾਂ ਨਾਲ ਹਥੌਲਾ ਕਰ ਕੇ ਗੁੱਗੇ ਦੇ ਮੰਤਰ ਪੜ੍ਹੇ ਜਾਂਦੇ ਹਨ ਅਤੇ ਕਹਿੰਦੇ ਹਨ ਕਿ ਸਾਰਾ ਜ਼ਹਿਰ ‘ਛੂੰ-ਮੰਤਰ’ ਹੋ ਜਾਂਦਾ ਹੈ।

ਮਣਕੇ ਅਤੇ ਮਾੜੀ ਦਾ ਸੱਚ

ਇਨ੍ਹਾਂ ਭਰਮਾਂ ਵਿੱਚ ਭੋਰਾ ਵੀ ਸੱਚਾਈ ਨਹੀਂ ਹੈ। ਭਾਰਤ ਵਿੱਚ ਮਿਲਦੀਆਂ 400 ਸੱਪਾਂ ਦੀਆਂ ਪ੍ਰਜਾਤੀਆਂ ’ਚੋਂ ਕੇਵਲ 40 ਹੀ ਜ਼ਹਿਰੀਲੀਆਂ ਹੁੰਦੀਆਂ ਹਨ। ਕੋਈ ਲੰਮਾ-ਚੌੜਾ ਹਿਸਾਬ-ਕਿਤਾਬ ਨਹੀਂ, ਥੋੜ੍ਹੇ ਜਿਹੇ ਜਰਬ-ਖਰਬ ਤੋਂ ਬਾਅਦ ਹੀ ਇਹ ਸਪਸ਼ਟ ਹੋ ਜਾਂਦਾ ਹੈ ਕਿ ਜੇ ਜ਼ਮੀਨੀ ਸੱਪ ਕਿਸੇ ਨੂੰ ਕੱਟਦਾ ਹੈ ਤਾਂ ਸਿਰਫ਼ 10 ਫ਼ੀਸਦੀ ਹੀ ਸੰਭਾਵਨਾ ਹੈ ਕਿ ਉਹ ਸੱਪ ਜ਼ਹਿਰੀਲਾ ਹੋਵੇਗਾ। 10 ’ਚੋਂ 9 ਸੱਪਾਂ ਵਿੱਚ ਜ਼ਹਿਰ ਨਾ ਹੋਣ ਦੀ ਹੀ ਸੰਭਾਵਨਾ ਹੈ। ਹਾਂ, ਸਮੁੰਦਰੀ ਸੱਪ ਜ਼ਰੂਰ ਕਾਫ਼ੀ ਵੱਡੀ ਗਿਣਤੀ ਵਿੱਚ ਜ਼ਹਿਰੀਲੇ ਹੁੰਦੇ ਹਨ। 

ਹੁਣ ਇਸ ਬਹੁਤਾਦਾਦ ਦੇ ਚਾਹੇ ਮਣਕੇ ਲਵਾ ਲੋ, ਚਾਹੇ ਮਾੜੀ ’ਚ ਹਥੌਲਾ ਕਰਵਾ ਲਵੋ ਜਾਂ ਚਾਹੇ ਘਰ ਵਿੱਚ ਸਿਰਫ਼ ਪੱਟੀ ਹੀ ਕਰ ਲਵੋ, ਕੁਝ ਵੀ ਨਹੀਂ ਹੋਵੇਗਾ। ਹਰ ਸਪੇਰੇ ਦੇ ਘਰ ਵਿੱਚ ਇੱਕ-ਜਾਂ ਦੋ ਮੌਤਾਂ ਸੱਪ ਦੇ ਕੱਟਣ ਕਰਕੇ ਹੁੰਦੀਆਂ ਹਨ। ਜੇਕਰ ਮਣਕਾ ਏਨਾ ਹੀ ਕਰਾਮਾਤੀ ਹੈ  ਤਾਂ ਫਿਰ ਉਹ ਖ਼ੁਦ ਉਨ੍ਹਾਂ ਦੀ ਜਾਨ ਕਿਉਂ ਨਹੀਂ ਬਚਾਉਂਦਾ, ਜਿਨ੍ਹਾਂ ਕੋਲ ਇਹ ਮੌਜੂਦ ਹੁੰਦਾ ਹੈ।
ਵਹਿਮਾਂ ਦਾ ਨੁਕਸਾਨ

ਜ਼ਹਿਰੀਲੇ ਸੱਪ ਦੇ ਕੱਟਣ ਦਾ ਇੱਕੋ-ਇੱਕ ਇਲਾਜ ਏ.ਐੱਸ.ਵੀ. ਹੈ। ਏ.ਐੱਸ.ਵੀ. ਕਿੰਨਾ ਕੁ ਅਸਰਦਾਰ ਹੋਵੇਗਾ, ਇਹ ਸੱਪ ਦੇ ਕੱਟਣ ਦੇ ਸਮੇਂ ਤੋਂ ਲੈ ਕੇ ਮਰੀਜ਼ ਨੂੰ ਏ.ਐੱਸ.ਵੀ. ਦਿੱਤੇ ਜਾਣ ਤਕ ਦੇ ਸਮੇਂ ਦੇ ਅੰਤਰ ’ਤੇ ਨਿਰਭਰ ਕਰਦਾ ਹੈ। ਇਹ ਗੱਲ ਸਮਝਣੀ ਬਹੁਤ ਜ਼ਰੂਰੀ ਹੈ ਕਿ ਜੇ ਸੱਪ ਕੱਟਣ ਦੇ 4 ਘੰਟੇ ਦੇ ਅੰਦਰ-ਅੰਦਰ ਏ.ਐੱਸ.ਵੀ. ਲੱਗ ਜਾਵੇ ਤਾਂ ਇਹ ‘ਅਤਿਅੰਤ ਅਸਰਦਾਰ’ ਸਾਬਤ ਹੁੰਦਾ ਹੈ, ਜੇ 4-8 ਘੰਟਿਆਂ ਅੰਦਰ ਤਾਂ ‘ਅਸਰਦਾਰ’ ਅਤੇ ਜੇ ਡੰਗ ਦੇ 24 ਘੰਟਿਆਂ ਤੋਂ ਬਾਅਦ ਏ.ਐੱਸ.ਵੀ. ਦਿੱਤਾ ਜਾਵੇ ਤਾਂ ਇਹ ‘ਨਾਂਮਾਤਰ ਹੀ ਅਸਰ’ ਕਰਦਾ ਹੈ।

ਗੱਲ ਸਾਫ਼ ਹੈ ਕਿ ‘ਮਣਕਾ’ ਅਤੇ ‘ਮਾੜੀ ਜਾਣ ਨਾਲ’ ਇਹ ਸਮਾਂ ਵਧ ਜਾਂਦਾ ਹੈ ਅਤੇ ਜਿੰਨਾ ਲੇਟ ਏ.ਐੱਸ.ਵੀ. ਲੱਗੇਗਾ, ਓਨਾ ਹੀ ਉਹ ਘੱਟ ਅਸਰ ਕਰੇਗਾ। ਦੂਜੀ ਗੱਲ ਸਪੇਰਾ ਜਾਂ ਸਿਆਣਾ ਮਣਕਾ ਲਗਾਉਣ ਤੋਂ ਪਹਿਲਾਂ ਬਲੇਡ ਨਾਲ ਚਮੜੀ ਵਿੱਚ ਕੱਟ ਲਗਾਉਂਦਾ ਹੈ। 

ਉਸੇ ਪੁਰਾਣੇ ਬਲੇਡ ਨਾਲ ਉਸ ਨੇ ਪਹਿਲਾਂ ਵੀ ਕਈ ਹੋਰਾਂ ਦਾ ਸ਼ਿਕਾਰ ਕੀਤਾ ਹੁੰਦਾ ਹੈ। ਇਸ ਤਰ੍ਹਾਂ ਖ਼ੂਨ ਤੋਂ ਖ਼ੂਨ ਰਾਹੀਂ ਫੈਲਣ ਵਾਲੀਆਂ ਬੀਮਾਰੀਆਂ ਜਿਵੇਂ ਏਡਜ਼, ਕਾਲਾ ਪੀਲੀਆ ਜਾਂ ਸ਼ਿਫਲਿਸ ਆਦਿ ਦੀ ਲਪੇਟ ਵਿੱਚ ਆਉਣ ਦਾ ਖ਼ਦਸ਼ਾ ਬਣ ਜਾਂਦਾ ਹੈ। ਮਣਕਾ ਅਤੇ ਮਾੜੀ ਫਾਇਦਾ ਕੁਝ ਨਹੀਂ ਕਰਦੇ, ਉਹ ਕੀਮਤੀ ਸਮਾਂ ਜ਼ਾਇਆ ਕਰ ਕੇ ਖ਼ਤਰਾ ਵਧਾਉਣ ਦੇ ਨਾਲ-ਨਾਲ ਕੁਝ ਨਵੀਆਂ-ਨਕੋਰ ਬੀਮਾਰੀਆਂ ਵੀ ਮਰੀਜ਼ ਨੂੰ ਭੇਟ ਕਰ ਦਿੰਦੇ ਹਨ। 

ਇਸ ਲਈ ਜਦੋਂ ਸੱਪ ਡੰਗ ਮਾਰੇ ਤਾਂ ਭਾਵੇਂ ਬੇਹੱਦ ਜ਼ਿਆਦਾ ਸੰਭਾਵਨਾਵਾਂ ਹਨ ਕਿ ਉਹ ਜ਼ਹਿਰੀਲਾ ਨਹੀਂ ਹੋਵੇਗਾ ਪਰ ਫਿਰ ਵੀ ਕਿਸੇ ਵਹਿਮ-ਭਰਮ ਵਿੱਚ ਪੈਣ ਦੀ ਬਜਾਏ ਮਰੀਜ਼ ਨੂੰ ਤੁਰੰਤ ਹਸਪਤਾਲ ਲਿਜਾਉਣਾ ਚਾਹੀਦਾ ਹੈ ਪਰ ਏ.ਐੱਸ.ਵੀ. ਦੀ ਸਰਕਾਰੀ ਸਪਲਾਈ ਦਾ ਆਲਮ ਬਹੁਤ ਹੀ ਮਾੜਾ ਹੈ। 

ਕਿਸੇ ਵੀ ਸੀਐੱਚਸੀ, ਮਿੰਨੀ ਪੀਐੱਚਸੀ ਵਿੱਚ ਏ.ਐੱਸ.ਵੀ. ਦੀ ਸਰਕਾਰੀ ਸਪਲਾਈ ਨਹੀਂ ਹੈ। ਬਲਾਕ ਸੀਐੱਫਸੀ ਅਤੇ ਕਈ ਵਾਰ ਤਾਂ ਜ਼ਿਲ੍ਹਾ ਹਸਪਤਾਲਾਂ ਵਿੱਚ ਲੋੜ ਵੇਲੇ ਏ.ਐੱਸ.ਵੀ. ਮੌਜੂਦ ਨਹੀਂ ਹੁੰਦਾ। ਇਨ੍ਹਾਂ ਅਤਿ-ਤਰਸਯੋਗ ਅਤੇ ਨਿੰਦਣਯੋਗ ਹਾਲਤਾਂ ਵਿੱਚ ‘ਸੱਪ ਡੰਗੇ’ ਆਮ ਲੋਕ ਕਿੱਥੇ ਜਾਣ? ਉਹ ‘ਸਿਆਣਿਆਂ, ਮਾੜੀਆਂ’ ਜਾਂ ਫਿਰ ‘ਮਹਿੰਗੇ’ ਪ੍ਰਾਈਵੇਟ ਹਸਪਤਾਲਾਂ ਵਿੱਚ ਇਲਾਜ ਕਰਵਾਉਣ ਲਈ ਮਜਬੂਰ ਹੋ ਜਾਂਦੇ ਹਨ।

ਸਰਕਾਰ ਨੇ ਨੀਮਾਂ-ਹਕੀਮਾਂ ਵਿਰੁੱਧ ਕਈ ਤਰ੍ਹਾਂ ਦੇ ਕਾਨੂੰਨ ਬਣਾਏ ਹੋਏ ਹਨ ਪਰ ਇਸ ਦੇ ਬਾਵਜੂਦ ਉਨ੍ਹਾਂ ਦੀਆਂ ਦੁਕਾਨਾਂ ਧੜੱਲੇ ਨਾਲ ਚੱਲ ਰਹੀਆਂ ਹਨ। ਆਖ਼ਰ ਕਮੀ ਕਿੱਥੇ ਹੈ? ਦਰਅਸਲ ਕੁਝ ਹੱਦ ਤਕ ਲੋਕਾਂ ਵਿੱਚ ਜਾਗਰੂਕਤਾ ਦੀ ਘਾਟ ਹੈ ਅਤੇ ਬਾਕੀ ਸਰਕਾਰੀਤੰਤਰ ਦੀ ਦਿਨ-ਬ-ਦਿਨ ਕਮਜ਼ੋਰ ਹੁੰਦੀ ਜਾ ਰਹੀ ਇੱਛਾ ਸ਼ਕਤੀ ਦਾ ਨਤੀਜਾ ਹੈ। 

ਇੱਕ ਵਿਚਾਰਯੋਗ ਨੁਕਤਾ ਇਹ ਵੀ ਹੈ ਕਿ ਮੰਨ ਲਓ ਸਰਕਾਰ ਸਖ਼ਤੀ ਕਰ ਕੇ ਸਪੇਰਿਆਂ ਜਾਂ ਬੰਗਾਲਿਆਂ ਨੂੰ ਇਹ ਫ਼ਜ਼ੂਲ ਇਲਾਜ ਕਰਨ ਤੋਂ ਰੋਕ ਦਿੰਦੀ ਹੈ ਤਾਂ ਉਹ ਰੋਟੀ ਕਿੱਥੇ ਖਾਣਗੇ? ਉਨ੍ਹਾਂ ਦੇ ਮੁੜ ਵਸੇਬੇ ਲਈ ਸਰਕਾਰ ਕੋਲ ਕੀ ਨੀਤੀ ਹੈ? ਨੌਕਰੀਆਂ ਤਾਂ ਅੱਜਕੱਲ੍ਹ ਡਬਲ ਪੜ੍ਹਿਆਂ-ਲਿਖਿਆਂ ਨੂੰ ਨਹੀਂ ਨਸੀਬ ਹੁੰਦੀਆਂ, ਫਿਰ ਇਨ੍ਹਾਂ ਬੰਗਾਲਿਆਂ ਦਾ ਕੌਣ ਵਿਚਾਰਾ ਹੋਵੇਗਾ?

ਅਖੀਰ ਵਿੱਚ ਇੱਕ ਗੱਲ ਸੱਪਾਂ ਨੇ ਕਿੰਨੇ ਮਨੁੱਖਾਂ ਨੂੰ ਮਾਰਿਆ ਹੈ, ਇਸ ਸਬੰਧੀ ਸੈਂਕੜੇ ਅੰਕੜੇ ਮੌਜੂਦ ਹਨ ਪਰ ਮਨੁੱਖਾਂ ਨੇ ਕਿੰਨੇ ਸੱਪਾਂ ਦੀ ਜਾਨ ਲਈ ਹੈ, ਇਸ ਪਾਸੇ ਸਾਡਾ ਧਿਆਨ ਕਾਫ਼ੀ ਘੱਟ ਗਿਆ ਹੈ। ਮਨੁੱਖ ਇੱਕ ਸਾਲ ਵਿੱਚ ਕਈ ਲੱਖ ਲੱਖ ਸੱਪਾਂ ਦੀ ਜਾਨ ਲੈ ਲੈਂਦਾ ਹੈ।

ਸੱਪ ਮਨੁੱਖ ਤੋਂ ਡਰਦੇ ਹਨ ਅਤੇ ਉਨ੍ਹਾਂ ਤੋਂ ਦੂਰ ਰਹਿਣਾ ਚਾਹੁੰਦੇ ਹਨ ਪਰ ਇਹ ਮਨੁੱਖ ਹੀ ਹੈ ਜੋ ਸੱਪਾਂ ਵਿੱਚ ਆਪਣੀ ਦਿਨ-ਬ-ਦਿਨ ਲੰਮੀ ਹੁੰਦੀ ਜਾ ਰਹੀ ਲਾਲਚੀ ਲੱਤ ਫਸਾ ਰਿਹਾ ਹੈ। ਅਸੀਂ ਜੰਗਲਾਂ ਦੀ ਬੇਰੋਕ-ਟੋਕ ਕਟਾਈ ਕਰ ਕੇ ਆਪਣੇ ਲਈ ਤਾਂ ਨਵੇਂ ਕੰਕਰੀਟ ਦੇ ਜੰਗਲ ਬਣਾ ਲਏ ਹਨ ਪਰ ਸੱਪਾਂ ਅਤੇ ਹੋਰ ਅਨੇਕਾਂ ਜੀਵ-ਜੰਤੂਆਂ ਨੂੰ ਬੇਘਰੇ ਕਰ ਦਿੱਤਾ ਹੈ। ਜੇ ਅਸੀਂ ਅਜਿਹਾ ਕਰਦੇ ਰਹਾਂਗੇ ਤਾਂ ਆਪਣੇ ਦੁਸ਼ਮਣਾਂ ਦੀ ਗਿਣਤੀ ਵਧਾਉਣ ਲਈ ਅਸੀਂ ਖ਼ੁਦ ਜ਼ਿੰਮੇਵਾਰ ਹੋਵਾਂਗੇ।

ਸੱਪਾਂ ਦੀ ਕਹਾਣੀ ਲੰਮੀ ਹੈ। ਇਹ ਵਹਿਮਾਂ-ਭਰਮਾਂ ਕਾਰਨ ਘੱਟ ਸਮਾਜਿਕ ਚੇਤਨਾ ਅਤੇ ਨਿੱਤ ਵਧ ਰਹੀ ਮਨੁੱਖੀ ਲਾਲਸਾ ਦਾ ਤਾਣਾ-ਬਾਣਾ ਹੈ। ਲੋਕਪੱਖੀ ਏਜੰਡੇ ਤੋਂ ਬੇਮੁੱਖ ਸਰਕਾਰ ਇਸ ਸਮੱਸਿਆ ਨੂੰ ਹੋਰ ਬੁਰੀ ਤਰ੍ਹਾਂ ਉਲਝਾ ਰਹੀ ਹੈ। ਇਸ ਦਾ ਹੱਲ ਲੱਭਣਾ ਸਮੇਂ ਦੀ ਜ਼ਰੂਰਤ ਹੈ।

*  ਸੰਪਰਕ: 76960-97115

ਘਰੇਲੂ ਨੁਸਖੇ..........


 

* ਭੋਜਨ ਕਰਨ ਤੋਂ ਬਾਅਦ ਸੌਂਫ ਅਤੇ ਮਿਸ਼ਰੀ ਮਿਲਾ ਕੇ ਖਾਣ ਨਾਲ ਸਾਡੀ ਪਾਚਨ ਸ਼ਕਤੀ ਵਿੱਚ ਵਾਧਾ ਹੁੰਦਾ ਹੈ ਤੇ ਇਸ ਨਾਲ ਭੋਜਨ ਵੀ ਆਸਾਨੀ ਨਾਲ ਪਚ ਜਾਂਦਾ ਹੈ।

* ਖਾਂਸੀ ਅਤੇ ਵਮਨ ਹੋਣ ’ਤੇ ਧਨੀਏ ਦੇ ਪੱਤਿਆਂ ਦਾ ਰਸ ਡਾਕਟਰ ਦੀ ਸਲਾਹ ਨਾਲ ਲਓ। ਫ਼ਾਇਦਾ ਮਿਲੇਗਾ।

* ਖੱਟੇ ਡਕਾਰ ਆਉਂਦੇ ਹੋਣ ਤਾਂ ਸੌਂਫ ਦਾ ਚੂਰਨ ਕੋਸੇ ਪਾਣੀ ਨਾਲ ਲੈਣ ’ਤੇ ਆਰਾਮ ਮਿਲਦਾ ਹੈ।

* ਦੋ ਚਮਚ ਸ਼ਹਿਦ ਵਿੱਚ ਇੱਕ ਚਮਚ ਨਿੰਬੂ ਦਾ ਰਸ ਮਿਲਾ ਕੇ ਸਵੇਰੇ-ਸ਼ਾਮ ਪੀਣ ਨਾਲ ਬਲੱਡ ਪੈ੍ਰਸ਼ਰ ਘੱਟ ਹੁੰਦਾ ਹੈ।

* ਖਾਂਸੀ ਹੋਣ ’ਤੇ ਤੁਲਸੀ ਦੇ ਰਸ ਦਾ ਸੇਵਨ ਕਰਨਾ ਕਾਫ਼ੀ ਲਾਭਕਾਰੀ ਹੈ।
* ਮੇਥੀ ਦੇ ਲੱਡੂ ਖਾਣ ਨਾਲ ਜੋੜਾਂ ਦੇ ਦਰਦ ’ਚ ਲਾਭ ਮਿਲਦਾ ਹੈ।
* ਸੁੱਕੇ ਅਦਰਕ ਨੂੰ ਪਾਣੀ ਨਾਲ ਪੀਸ ਕੇ ਪੇਸਟ ਬਣਾ ਕੇ ਮੱਥੇ ’ਤੇ ਲਗਾਉਣ ਨਾਲ ਸਿਰਦਰਦ ਦੂਰ     ਹੁੰਦਾ ਹੈ।

* ਪਿਆਜ਼ ਦਾ ਰਸ ਕੋਸਾ ਕਰ ਕੇ ਕੰਨ ’ਚ ਪਾਉਣ ਨਾਲ ਦਰਦ ਤੋਂ ਰਾਹਤ ਮਿਲਦੀ ਹੈ।

* ਦੁੱਧ ਵਿੱਚ ਥੋੜ੍ਹਾ ਜਿਹਾ ਘਿਓ ਪਾ ਕੇ ਸੌਣ ਵੇਲੇ ਪੀਣ ਨਾਲ ਕਬਜ਼ ਤੋਂ ਰਾਹਤ ਮਿਲਦੀ ਹੈੇ।

* ਸੱਟ-ਫੇਟ ਲੱਗਣ ’ਤੇ ਇੱਕ ਗਿਲਾਸ ਦੁੱਧ ਵਿੱਚ ਚੁਟਕੀ ਭਰ ਹਲਦੀ ਪਾ ਕੇ ਇਸ ਦਾ ਸੇਵਨ ਲਾਭਕਾਰੀ ਹੈ।

* ਗੈਸ ਹੋਣ ’ਤੇ ਪੇਟ ਦਰਦ ਕਰ ਰਿਹਾ ਹੋਵੇ ਤਾਂ ਚੁਟਕੀ ਭਰ ਅਜਵਾਇਣ ਵਿੱਚ ਥੋੜ੍ਹਾ ਜਿਹਾ ਨਮਕ ਮਿਲਾ ਕੇ ਥੋੜ੍ਹੇ ਜਿਹੇ ਗਰਮ ਪਾਣੀ ਲਵੋ। ਆਰਾਮ ਮਿਲੇਗਾ।

ਮਨੁੱਖੀ ਜੀਵਨ ਦਾ ਅਮੁੱਲ ਸਰਮਾਇਆ - ਲੋਕ ਸਿਆਣਪਾਂ 

ਲੋਕ ਸਿਆਣਪਾਂ ਨੂੰ ਨੀਤੀ ਵਚਨ ਵੀ ਕਿਹਾ ਜਾਂਦਾ ਹੈ। ਮਨੁੱਖੀ ਤਜਰਬਿਆਂ ਦੇ ਲੋਕ-ਗਿਆਨ ਦੀ ਰਚਨਾ ਮਨੁੱਖੀ ਜੀਵਨ ਦਾ ਅਮੁੱਲ ਸਰਮਾਇਆ ਹੈ। ਇਹ ਮਨੁੱਖੀ ਗਿਆਨ ਭੰਡਾਰ ਪੀੜ੍ਹੀ ਦਰ ਪੀੜ੍ਹੀ ਮੌਖਿਕ ਰੂਪ ਵਿੱਚ ਲੋਕ ਮਨ ਵਿੱਚ ਸੰਚਾਰ ਕਰਦਾ ਆ ਰਿਹਾ ਹੈ। ਇਹ ਸਿਆਣੇ ਲੋਕਾਂ ਦੇ ਜੀਵਨ ਦਾ ਨਿਚੋੜ ਸੰਖੇਪ, ਸਪਸ਼ਟ ਤੇ ਕਾਵਿਮਈ ਢੰਗ ਨਾਲ ਪੇਸ਼ ਕਰਦੀਆਂ ਹਨ। 

ਜਿਸ ਵਿਅਕਤੀ ਕੋਲ ਇਹ ਅਮੁੱਲ ਭੰਡਾਰ ਹੁੰਦਾ ਹੈ, ਉਸ ਦੀ ਦਿਮਾਗੀ ਅਮੀਰੀ ਦੀ ਸ਼ਾਨ ਹੀ ਵੱਖਰੀ ਹੁੰਦੀ ਹੈ। ਉਹ ਪਿੰਡ ਦੀ ਪੰਚਾਇਤ ਤੇ ਸੱਥ ਵਿੱਚ ਨਾਇਕ ਹੁੰਦਾ ਹੈ। ਹਰ ਵਿਅਕਤੀ ਉਸ ਦੀਆਂ ਗੱਲਾਂ ਬੜੇ ਧਿਆਨ ਨਾਲ ਸੁਣਦਾ ਹੈ। ਸਿਆਲ ਦੀ ਰਾਤ ਨੂੰ ਭੱਠੀ ’ਤੇ ਬੈਠਾ ਜਾਂ ਜੇਠ-ਹਾੜ੍ਹ ਦੀ ਦੁਪਹਿਰੇ ਪਿੱਪਲ, ਬੋਹੜ ਦੀ ਛਾਵੇਂ ਗੱਲ ਕਰਦਾ ਹੈ ਤਾਂ ਉਸ ਦੇ ਮੂੰਹ ਵਿੱਚੋਂ ਮਾਨੋ ਫੁੱਲ ਕਿਰਦੇ ਪ੍ਰਤੀਤ ਹੁੰਦੇ ਹਨ। 

ਉਹ ਜਿੱਥੇ ਲੋਕਾਂ ਦਾ ਮਨੋਰੰਜਨ ਕਰਦਾ ਹੈ, ਉੱਥੇ ਨਾਲ-ਨਾਲ ਉਨ੍ਹਾਂ ਨੂੰ ਗਿਆਨ ਭਰਪੂਰ ਗੱਲਾਂ ਦੱਸ ਕੇ ਉਨ੍ਹਾਂ ਦੇ ਗਿਆਨ ਵਿੱਚ ਵੀ ਅਥਾਹ ਵਾਧਾ ਕਰਦਾ ਹੈ। ਪੰਜਾਬੀ ਲੋਕ ਸਿਆਣਪਾਂ ਅਖੌਤਾਂ, ਮੁਹਾਵਰਿਆਂ, ਗੀਤਾਂ, ਟੱਪਿਆਂ, ਟੋਟਕਿਆਂ, ਚੁਟਕਲਿਆਂ, ਬੁਝਾਰਤਾਂ ਆਦਿ ਵੱਖ-ਵੱਖ ਰੂਪਾਂ ਵਿੱਚ ਮਿਲਦੀਆਂ ਹਨ। ਲੋਕ ਸਿਆਣਪਾਂ ਵੰਡਣ ਵਾਲੇ ਵਿਅਕਤੀ ਨੂੰ ਲੋਕ ਸਿਆਣਾ, ਅਕਲਮੰਦ ਅਤੇ ਦਾਨਾਂ ਮੰਨਦੇ ਹਨ।

 ਉਹ ਜੀਵਨ ਦੇ ਵੱਖ-ਵੱਖ ਪਹਿਲੂਆਂ ’ਤੇ ਗੱਲ ਕਰਨ ਤੋਂ ਇਲਾਵਾ ਨਾਲ-ਨਾਲ ਸੁਆਦਲੇ ਤੇ ਹਸਾਉਣੇ ਟੋਟਕਿਆਂ ਨਾਲ ਆਪਣੀ ਬੋਲ-ਬਾਣੀ ਨੂੰ ਅਜਿਹੀ ਰਸਦਾਇਕ ਬਣਾਉਂਦਾ ਹੈ ਕਿ ਲੋਕ ਉਸ ਦੀ ਅਕਲ ਦੀ ਦਾਦ ਦਿੰਦੇ ਹਨ। ਅਜਿਹੇ ਵਿਅਕਤੀ ਲੋਕ ਸਿਆਣਪਾਂ ਦੀ ਜਿਉਂਦੀ ਜਾਗਦੀ ਕਿਤਾਬ ਹੁੰਦੇ ਹਨ। ਇਹ ਲੋਕ ਸਿਆਣਪਾਂ ਜੀਵਨ ਨੂੰ ਸੁਚੱਜਾ ਬਣਾਉਣ ਵਿੱਚ ਯੋਗਦਾਨ ਪਾਉਂਦੀਆਂ ਹਨ। 

ਇਹ ਸਿਆਣਪਾਂ ਦੱਸਦੀਆਂ ਹਨ ਕਿ ਸਫ਼ਰ ’ਤੇ ਜਾਣ ਲਈ ਘਰੋਂ ਕਦੇ ਵੀ ਭੁੱਖਾ ਨਹੀਂ ਜਾਣਾ ਚਾਹੀਦਾ ਜਿਵੇਂ ‘ਘਰੋਂ ਜਾਹ ਖਾਹ ਕੇ, ਅੱਗੇ ਮਿਲਣ ਪਕਾ ਕੇ’। ਕੋਈ ਮਹਿਮਾਨ ਘਰ ਆਵੇ ਤਾਂ ਕਦੇ ਮੱਥੇ ਵੱਟ ਨਹੀਂ ਪਾਉਣਾ ਚਾਹੀਦਾ। ਇਨ੍ਹਾਂ ਸਿਆਣਪਾਂ ਵਿੱਚ ਪਿੰਡਾਂ, ਥਾਵਾਂ, ਚੀਜ਼ਾਂ ਦੀ ਪ੍ਰਾਪਤੀ ਅਤੇ ਉਨ੍ਹਾਂ ਦੇ ਗੁਣਾਂ, ਸਾਕ-ਸਬੰਧੀਆਂ ਤੇ ਰਿਸ਼ਤੇਦਾਰਾਂ ਸਬੰਧੀ ਲੋਕ ਗਿਆਨੀਆਂ ਨੇ ਬੜੇ ਕੰਮ ਦੀਆਂ ਗੱਲਾਂ ਭਰੀਆਂ ਹਨ। 

ਅਨਪੜ੍ਹ ਲੋਕ ਇਹ ਸੁਣ ਕੇ ਕੰਠ ਕਰ ਲੈਂਦੇ ਹਨ ਤਾਂ ਜੋ ਇਨ੍ਹਾਂ ਉੱਪਰ ਆਪ ਵੀ ਅਮਲ ਕਰ ਸਕਣ ਤੇ ਦੂਜੇ ਲੋਕਾਂ ਨੂੰ ਵੀ ਇਸ ਬਾਰੇ ਦੱਸ ਸਕਣ ਤੇ ਉਹ ਆਪਣਾ ਜੀਵਨ ਸੁਖੀ ਬਣਾ ਸਕਣ। ਇਸ ਦੀ ਸਿੱਖਿਆ ਪੰਘੂੜੇ ਦੀਆਂ ਲੋਰੀਆਂ ਨਾਲ ਸ਼ੁਰੂ ਹੋ ਜਾਂਦੀ ਹੈ। ਮਾਂ ਜਿੱਥੇ ਬੱਚਿਆਂ ਦੀ ਸਫ਼ਾਈ, ਪਾਲਣ-ਪੋਸਣ ਦਾ ਖਿਆਲ ਰੱਖਦੀ ਹੈ, ਉੱਥੇ ਲੋਰੀਆਂ ਰਾਹੀਂ ਬੱਚੇ ਨੂੰ ਰਿਸ਼ਤੇਦਾਰੀਆਂ ਦਾ ਅਹਿਸਾਸ ਵੀ ਕਰਾ ਜਾਂਦੀ ਹੈ:

ਲੋਰੀਆਂ ਬਈ ਲੋਰੀਆਂ
ਲੈ ਲੈ ਕਾਕਾ ਲੋਰੀਆਂ
ਇੱਕ ਲੋਰੀ ਵੇ ਤੇਰੀ ਭੂਆ ਦਿਲਾਵੇ
ਫੁੱਫੜ ਵੰਡੇ ਗੁੜ ਦੀਆਂ ਬੋਰੀਆਂ
ਮੈਂ ਤੇਰੇ ਸ਼ਗਨ ਮਨਾਵਾਂ ਦਾਦਾ
ਲੈ ਲੈ ਲੋਰੀਆਂ।

ਇਸ ਤਰ੍ਹਾਂ ਮਾਂ ਬੱਚੇ ਨੂੰ ਉਸ ਦੇ ਰਿਸ਼ਤੇਦਾਰਾਂ ਬਾਰੇ ਜਾਣਕਾਰੀ ਦਿੰਦੀ ਹੋਈ ਉਸ ਨੂੰ ਸੁਆ ਵੀ ਰਹੀ ਹੁੰਦੀ ਹੈ ਅਤੇ ਘਰ ਦੇ ਨਿੱਕੇ-ਮੋਟੇ ਕੰਮ ਵੀ ਕਰੀ ਜਾਂਦੀ ਹੈ। ਉਸ ਨੂੰ ਖਾਣ-ਪੀਣ ਦੀਆਂ ਚੀਜ਼ਾਂ ਦੇ ਨਾਂ ਵੀ ਦੱਸ ਰਹੀ ਹੈ:

ਕਾਕਾ ਆਇਆ ਖੇਡ ਕੇ
ਮੈਂ ਮੰਨ ਪਕਾਵਾਂ ਵੇਲ ਕੇ
ਕਾਕਾ ਆਇਆ ਹੱਸ ਕੇ
ਮੈਂ ਕੁੱਛੜ ਚੁੱਕਾਂ ਨੱਸ ਕੇ
ਕਾਕੇ ਲਈ ਹੈ ਚੂਰੀ ਕੁੱਟੀ
ਨਾਲੇ ਰੱਖੀ ਦਹੀਂ ਦੀ ਫੁੱਟੀ
ਕਾਂ ਮਾਰੀ ਝੁੱਟੀ।
ਫੁੱਟੀ ਗਈ ਲੁੱਟੀ।
ਫੜਨਾ ਹੈ ਚੋਰ, ਚੋਰਾਂ ਨੂੰ ਪੈਣ ਮੋਰ।

ਰਾਣੀਆਂ, ਰਾਜਕੁਮਾਰਾਂ, ਰਾਜਕੁਮਾਰੀਆਂ, ਪਰੀਆਂ, ਜਿੰਨਾਂ, ਭੂਤਾਂ, ਚੁੜੇਲਾਂ ਆਦਿ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ ਤਾਂ ਜੋ ਉਸ ਨੂੰ ਜ਼ਿੰਦਗੀ ਵਿੱਚ ਆਉਣ ਵਾਲੀਆਂ ਔਕੜਾਂ ਅਤੇ ਇਨ੍ਹਾਂ ਮੁਸ਼ਕਲਾਂ ’ਤੇ ਕਿਵੇਂ ਕਾਬੂ ਪਾਇਆ ਜਾ ਸਕਦਾ ਹੈ, ਦੀ ਸਮਝ ਆ ਸਕੇ। 

ਪੂਰਨ ਭਗਤ, ਪ੍ਰਹਲਾਦ ਭਗਤ, ਭਰਥਰੀ ਹਰੀ ਆਦਿ ਨਾਇਕਾਂ ਦੀਆਂ ਬਾਤਾਂ ਸੁਣਾ ਕੇ ਉਸ ਨੂੰ ਕੋਈ ਉਚੇਰਾ ਆਦਰਸ਼ ਗ੍ਰਹਿਣ ਕਰਨ ਦੀ ਪ੍ਰੇਰਨਾ ਦਿੱਤੀ ਜਾਂਦੀ ਹੈ। ਇਸੇ ਤਰ੍ਹਾਂ ਪੰਛੀਆਂ ਦੀਆਂ ਕਹਾਣੀਆਂ ਜਿਵੇਂ ਬਟੇਰਾ, ਬਟੇਰੀ, ਕਾਂ, ਚਿੜੀ, ਸ਼ੇਰ ਤੇ ਲੂੰਬੜੀ ਆਦਿ ਦੀਆਂ ਕਹਾਣੀਆਂ ਸੁਣਾਈਆਂ ਜਾਂਦੀਆਂ ਹਨ।

 ਕਾਂ ਤੇ ਚਿੜੀ ਦੀ ਕਹਾਣੀ ਵਿੱਚ ਦੋਵੇਂ ਰਲ ਕੇ ਖਿਚੜੀ ਪਕਾਉਂਦੇ ਹਨ। ਚਿੜੀ ਹੱਥ ਧੋਣ ਜਾਂਦੀ ਹੈ ਤਾਂ ਕਾਂ ਖਿਚੜੀ ਵਾਲਾ ਕੌਲਾ ਚੁੱਕ ਕੇ ਦਰੱਖਤ ’ਤੇ ਬੈਠ ਜਾਂਦਾ ਹੈ। ਚਿੜੀ ਕਾਂ ਨੂੰ ਕਹਿੰਦੀ ਹੈ ਕਿ ਉਸ ਦਾ ਅੱਧਾ ਹਿੱਸਾ ਦੇ ਦੇਵੇ ਪਰ ਕਾਂ ਉਸ ਦੀ ਕੋਈ ਗੱਲ ਨਹੀਂ ਸੁਣਦਾ। 

ਚਿੜੀ ਤਰਖਾਣ ਕੋਲ ਜਾਂਦੀ ਹੈ ਕਿ ਉਹ ਕਿੱਕਰ ਵੱਢ ਦੇਵੇ ਤਾਂ ਜੋ ਕਾਂ ਥੱਲੇ ਡਿੱਗ ਪਵੇ ਪਰ ਤਰਖਾਣ ਕਿੱਕਰ ਵੱਢਣ ਤੋਂ ਇਨਕਾਰ ਕਰ ਦਿੰਦਾ ਹੈ ਕਿ ਕਾਂ ਨੇ ਉਸ ਦਾ ਕੀ ਵਿਗਾੜਿਆ ਹੈ? ਫਿਰ ਉਹ ਰਾਜੇ ਕੋਲ ਜਾਂਦੀ ਹੈ, ਉਸ ਦੇ ਇਨਕਾਰ ਕਰਨ ’ਤੇ ਰਾਣੀ ਕੋਲ, ਫਿਰ ਸੱਪ ਕੋਲ, ਗੱਡੇ ਵਾਲੇ ਕੋਲ, ਅੱਗ ਕੋਲ, ਮਸ਼ਕੀ ਕੋਲ ਤੇ ਚੂਹੇ ਕੋਲ। ਸਭ ਇਹ ਕਹਿ ਕੇ ਇਨਕਾਰ ਕਰੀ ਜਾਂਦੇ ਹਨ ਕਿ ਉਨ੍ਹਾਂ ਦਾ ਇੱਕ-ਦੂਜੇ ਨਾਲ ਕੋਈ ਵੈਰ ਨਹੀਂ। 

ਅੰਤ ਹਾਰ ਕੇ ਜਦੋਂ ਚੂਹਾ ਜੁਆਬ ਦੇ ਦਿੰਦਾ ਹੈ ਤਾਂ ਚਿੜੀ ਚੂਹੇ ਨੂੰ ਆਖਦੀ ਹੈੈ ਕਿ ਮੈਂ ਬਿੱਲੀ ਨੂੰ ਤੇਰੇ ਘਰ ਦੀ ਖ਼ਬਰ ਕਰਦੀ ਹਾਂ ਤਾਂ ਚੂਹਾ ਡਰ ਜਾਂਦਾ ਹੈ ਤੇ ਮਸ਼ਕ ਨੂੰ ਕੁਤਰਨ ਲਈ ਤਿਆਰ ਹੋ ਜਾਂਦਾ ਹੈ। ਇਸੇ ਤਰ੍ਹਾਂ ਸਾਰੇ ਮੰਨਦੇ ਹਨ। ਅੰਤ ਤਰਖਾਣ ਕਿੱਕਰ ਵੱਢਣ ਲਗਦਾ ਹੈ। ਕਾਂ ਇਹ ਆਖ ਕੇ ਰੋਕ ਦਿੰਦਾ ਹੈ ਕਿ ਮੈਂ ਅੱਧਾ ਹਿੱਸਾ ਦੇ ਦਿੰਦਾ ਹਾਂ। 

ਇਹ ਲੋਕ ਕਹਾਣੀ ਹੈ ਤਾਂ ਕਾਂ-ਚਿੜੀ ਦੀ ਪਰ ਇਸ ਵਿੱਚ ਬੱਚੇ ਦੇ ਮਨ ਅੰਦਰ ਇਹ ਗੱਲ ਭਰੀ ਜਾਂਦੀ ਹੈ ਕਿ ਆਪਣੇ ਹੱਕਾਂ ਦੀ ਰਾਖੀ ਅਤੇ ਪ੍ਰਾਪਤੀ ਲਈ ਸੰਘਰਸ਼ ਕਰਨਾ ਪਏਗਾ। ਇਹ ਲੋਕ ਗਥਾਵਾਂ, ਲੋਕ ਸਿਆਣਪਾਂ ਦਾ ਅਮੁੱਲ ਭੰਡਾਰ ਹਨ। ਸਾਡੇ ਕੋਲੋਂ ਬਜ਼ੁਰਗ ਪੀੜ੍ਹੀ ਦੇ ਚਲੇ ਜਾਣ ਪਿੱਛੋਂ ਅਸੀਂ ਇਸ ਤੋਂ ਵਿਰਵੇ ਹੋ ਜਾਵਾਂਗੇ।

ਦਿਮਾਗੀ ਕਸਰਤ ਅਤੇ ਮਨੋਰੰਜਨ ਦਾ ਸਾਧਨ ਬੁਝਾਰਤਾਂ ਵੀ ਲੋਕ ਸਿਆਣਪਾਂ ਦੇ ਭਰਪੂਰ ਖ਼ਜ਼ਾਨੇ ਹਨ। ਲੋਕਾਂ ਵਿੱਚ ਆਲੇ-ਦੁਆਲੇ ਦੀਆਂ ਵਸਤਾਂ ਨੂੰ ਰਮਜ਼ਾਂ ਰਾਹੀਂ ਬੁੱਝਣ ਲਈ ਅਨੇਕਾਂ ਬੁਝਾਰਤਾਂ ਪ੍ਰਚਲਤ ਹਨ। ਇਹ ਕਿਹਾ ਜਾਂਦਾ ਹੈ ਕਿ ‘ਇੱਕ ਤੰਦਰੁਸਤੀ ਸੌ ਨਿਆਮਤ ਹੈ’। ਇਹ ਸਾਡੀ ਸਿਹਤ ਦਾ ਖਿਆਲ ਰੱਖਣ ਲਈ ਅਤੇ ਹੋਰ ਅਨੇਕਾਂ ਲੋਕ ਸਿਆਣਪਾਂ ਕਈ ਵਾਰ ਪੜ੍ਹੇ-ਲਿਖੇ ਡਾਕਟਰ ਨੂੰ ਵੀ ਹੈਰਾਨ ਕਰ ਦਿੰਦੀਆਂ ਹਨ:

ਪੇਟ ਨਰਮ, ਪੈਰ ਗਰਮ, ਸਿਰ ਠੰਢਾ,
ਘਰ ਆਏ ਡਾਕਟਰ, ਉਸ ਦੇ ਮਾਰੋ ਡੰਡਾ।

ਇਸ ਦੇ ਨਾਲ ਹੀ ਕਈ ਪਰਹੇਜ਼ ਅਤੇ ਹਦਾਇਤਾਂ ਵੀ ਦਿੱਤੀਆਂ ਜਾਂਦੀਆਂ ਹਨ। ਹਰ ਰੁੱਤ ਵਿੱਚ ਕਿਹੋ ਜਿਹਾ ਖਾਣਾ-ਪੀਣਾ, ਰਹਿਣ-ਸਹਿਣ, ਕੰਮ-ਕਾਰ ਕਰਨਾ ਹੈ ਸਬੰਧੀ ਟੋਟਕੇ ਮਿਲਦੇ ਹਨ:

ਚੇਤ ਨਿੰਮ ਵਿਸਾਖੇ ਭਾਤ।
ਜੇਠ-ਹਾੜ੍ਹ ਸੌਵੇਂ ਦਿਨ-ਰਾਤ।

ਸਾਵਣ ਹਰੜਾਂ ਭਾਦਰੋਂ ਚਿਤਰਾ
ਅੱਸੂ ਗੁੜ ਖਾਣੇ ਨੂੰ ਮਿੱਤਰਾ।

ਕੱਤਕ ਮੂਲੀ ਮੱਘਰ ਤੇਲ
ਪੋਹ ਵਿੱਚ ਕਰੇ ਦੁੱਧ ਦਾ ਮੇਲ।

ਮਾਘ ਮਾਸ ਘਿਓ ਖਿਚੜੀ ਖਾਏ
ਫੱਗਣ ਉੱਠ ਕੇ ਲਾਤੇ ਰਠਾਇ।
ਵੈਦ ਦੇ ਫਿਰ ਕਦੇ ਨਾ ਜਾਇ।

ਇਹ ਲੋਕ ਸਿਆਣਪਾਂ ਨਿਰੇ ਟੋਟਕੇ ਜਾਂ ਨੁਸਖੇ ਹੀ ਨਹੀਂ ਸਗੋਂ ਜੀਵਨ ਦੀ ਸੱਚਾਈ ਦਰਸਾਉਣ ਵਾਲੀਆਂ ਬਹੁ-ਮੁੱਲੀਆਂ ਬਾਤਾਂ ਹਨ। ਲੋੜ ਸਿਰਫ਼ ਇਸ ਵਿੱਸਰ ਰਹੇ ਅਮੀਰ ਵਿਰਸੇ ਨੂੰ ਸਾਂਭਣ ਦੀ ਹੈ।

- ਅਵਤਾਰ ਸਿੰਘ ਬਾਲੇਵਾਲ ਸੰਪਰਕ: 94170-35015

ਬਾਬੇ ਹੁੰਦੇ ਬੋਹੜ ਦੀਆਂ ਛਾਵਾਂ..........                    
ਭਾਰਤੀ ਸਮਾਜ ਵਿੱਚ ਬਜ਼ੁਰਗ ਅਤੇ ਬੋਹੜ ਦੇ ਦਰੱਖਤ ਦੀ ਮੁੱਢ-ਕਦੀਮ ਤੋਂ ਨਿੱਘ ਭਰੀ ਸਾਂਝ ਚੱਲੀ ਆ ਰਹੀ ਹੈ। ਇਹ ਦੋਵੇਂ ਹੀ ਦੁੱਖ-ਸੁੱਖ ਦੀਆਂ ਬਾਤਾਂ ਪਾਉਂਦੇ ਇੱਕ-ਦੂਜੇ ਦੇ ਅੰਗ-ਸੰਗ ਰਹੇ ਹਨ।

 ਸਾਡੇ ਪੰਜਾਬੀ ਸੱਭਿਆਚਾਰ ਵਿੱਚ ਦੋਵਾਂ ਦੀ ਸਾਂਝ ਇਸ ਤਰ੍ਹਾਂ ਘੁਲ-ਮਿਲ ਗਈ ਕਿ ਦੋਵਾਂ ਲਈ ਇੱਕ ਮਹੱਤਵਪੂਰਨ ਸ਼ਬਦ ‘ਬਾਬਾ ਬੋਹੜ’ ਰੂੜ੍ਹ ਹੋ ਗਿਆ। ਅੱਜ ਵੀ ਅਸੀਂ ਪਿੰਡ ਵਿੱਚ ਪੁਰਾਣੇ ਬੋਹੜ ਦੇ ਦਰੱਖਤ ਤੇ ਸਿਆਣੀ ਉਮਰ ਦੇ ਬਜ਼ੁਰਗ ਨੂੰ ਬਾਬਾ ਬੋਹੜ ਹੀ ਆਖਦੇ ਹਾਂ। ‘ਬਾਬਾ’ ਫ਼ਾਰਸੀ ਮੂਲ ਦਾ ਸ਼ਬਦ ਹੈ, ਜਿਸ ਦੇ ਅਰਥ ਹਨ (ਬਾ+ਬਾ) ਭਾਵ ਬਾਪ ਦਾ ਬਾਪ।

 ਉਂਜ ਵੀ ਅਸੀਂ ਵਡੇਰੀ ਉਮਰ ਦੇ ਬਜ਼ੁਰਗ ਨੂੰ ਬਾਬਾ ਜੀ ਕਹਿ ਕੇ ਸੰਬੋਧਨ ਕਰਦੇ ਹਾਂ। ਕਈ ਵਾਰੀ ਅਸੀਂ ਬਜ਼ੁਰਗਾਂ ਨੂੰ ਪਿਆਰ-ਸਤਿਕਾਰ ਵਜੋਂ ਬਾਬਾ ਬੋਹੜ ਵੀ ਕਹਿੰਦੇ ਹਾਂ। ਸਾਡੇ  ਸਮਾਜ ਵਿੱਚ ਬਾਪ ਦਾ ਰੁਤਬਾ ਬੜਾ ਸਤਿਕਾਰਯੋਗ ਹੈ ਅਤੇ ਬਾਪ ਦਾ ਬਾਪ ਹੋਣਾ ਤਾਂ ਹੋਰ ਵੀ ਸਤਿਕਾਰਯੋਗ ਬਣ ਜਾਂਦਾ ਹੈ। ਇਸ ਲਈ ਸਾਡੇ ਪੰਜਾਬੀ ਸੱਭਿਆਚਾਰ ਵਿੱਚ ਬਾਬਾ ਬੋਹੜ ਵਿਸ਼ੇਸ਼ ਥਾਂ ਰੱਖਦਾ ਹੈ। 

ਬਜ਼ੁਰਗ ਆਪਣੀ ਵਡੇਰੀ ਉਮਰ ਦੇ ਤਜਰਬਿਆਂ ਕਾਰਨ ਪਰਿਵਾਰ ਅਤੇ ਪਿੰਡ ਵਾਸੀਆਂ ਨੂੰ ਕੁਝ ਨਾ ਕੁਝ ਨਸੀਹਤਾਂ ਦਿੰਦੇ ਹੀ ਰਹਿੰਦੇ ਹਨ, ਜਿਨ੍ਹਾਂ ਨਾਲ ਪਰਿਵਾਰ ਅਤੇ ਪਿੰਡ ਵਾਸੀਆਂ ਵਿੱਚ ਚੰਗੇ ਸੰਸਕਾਰ ਪੈਦਾ ਹੁੰਦੇ ਹਨ ਅਤੇ ਉਨ੍ਹਾਂ ਨੂੰ ਸਮੇਂ ਸਿਰ ਸੇਧ ਮਿਲਦੀ ਰਹਿੰਦੀ ਹੈ।

ਪੰਜਾਬੀ ਦੀ ਇੱਕ ਕਹਾਵਤ ਹੈ ਕਿ ‘ਸਿਆਣੇ ਦਾ ਕਿਹਾ ਤੇ ਔਲ਼ੇ ਦਾ ਖਾਧਾ, ਪਿੱਛੋਂ ਹੀ ਪਤਾ ਲੱਗਦਾ ਹੈ। ਜਦੋਂ ਕੋਈ ਬਜ਼ੁਰਗ ਨਸੀਹਤ ਦਿੰਦਾ ਹੋਇਆ ਕਹਿੰਦਾ ਹੈ ਕਿ ਕਮਾਈ ਤੇ ਸੰਭਾਈ ਦਾ ਸੰਤੁਲਨ ਬਣਾ ਕੇ ਹੀ ਅਸੀਂ ਵਿਕਾਸ ਕਰ ਸਕਦੇ ਹਾਂ ਤੇ ਜ਼ਿੰਦਗੀ ਦਾ ਆਨੰਦ ਮਾਣ ਸਕਦੇ ਹਾਂ ਤਾਂ ਇਹ ਉਨ੍ਹਾਂ ਦਾ ਸਾਲਾਂ ਦਾ ਤਜਰਬਾ ਬੋਲਦਾ ਹੁੰਦਾ ਹੈ। 

ਜੇ ਇਸ ’ਤੇ ਗੰਭੀਰਤਾ ਨਾਲ ਵਿਚਾਰ ਕਰ ਕੇ ਅਮਲ ਕੀਤਾ ਜਾਵੇ ਤਾਂ ਅਸੀਂ ਸਹਿਜੇ ਹੀ ਵਿਕਾਸ ਵੱਲ ਕਦਮ ਪੁੱਟ ਸਕਦੇ ਹਾਂ। ਜੇ ਬਜ਼ੁਰਗਾਂ ਦੀਆਂ ਅਜਿਹੀਆਂ ਨਸੀਹਤਾਂ ਨੂੰ ਬੇਅਸਰ ਕਰ ਛੱਡਦੇ ਹਨ, ਉਹ ਦੁੱਖ ਭੋਗਦੇ ਹਨ। ਆਓ, ਬਜ਼ੁਰਗਾਂ ਦੇ ਅੰਗ-ਸੰਗ ਰਹਿ ਕੇ ਉਨ੍ਹਾਂ ਵੱਲੋਂ ਦਿੱਤੀਆਂ ਨਸੀਹਤਾਂ ਦਾ ਆਨੰਦ ਮਾਣਦੇ ਹੋਏ ਇਸ ਅਖਾਣ ਨੂੰ ਸੱਚ ਕਰ ਦੇਈਏ-

ਬਾਬੇ ਹੁੰਦੇ ਨੇ ਬੋਹੜ ਦੀਆਂ ਛਾਵਾਂ, ਨਸੀਬਾਂ ਵਾਲੇ ਛਾਂ ਮਾਣਦੇ।
 
ਬੋਹੜ ਦੇ ਦਰੱਖਤਾਂ ਹੇਠ ਬੈਠ ਕੇ ਹੀ ਪਿੰਡ ਦੀ ਹਰ ਗੰਭੀਰ ਤੋਂ ਗੰਭੀਰ ਸਮੱਸਿਆ ਦਾ ਹੱਲ ਹੁੰਦਾ ਆਇਆ ਹੈ। ਤ੍ਰਿਵੈਣੀਆਂ (ਬੋਹੜ, ਪਿੱਪਲ ਤੇ ਨਿੰਮ) ਪਿੰਡ ਦਾ ਸ਼ਿੰਗਾਰ ਹੁੰਦੀਆਂ ਹਨ। ਇਨ੍ਹਾਂ ਤ੍ਰਿਵੈਣੀਆਂ ਹੇਠ ਬੈਠੇ ਬਜ਼ੁਰਗ ਕਿਸੇ ਪਿੰਡ ਦੀ ਸੂਝ-ਬੂਝ ਦੇ ਪ੍ਰਤੀਕ ਹੁੰਦੇ ਹਨ। ਪੰਜਾਬੀਆਂ ਦੀ ਇੱਕ ਕਹਾਵਤ ਹੈ ਕਿ ਪਿੰਡ ਤਾਂ ਗੁਹਾਰਿਆਂ ਤੋਂ ਪਛਾਣਿਆ ਜਾਂਦਾ ਹੈ। ਇਹ ਅਖਾਣ ਪਿੰਡ ਦੀ ਹਰ ਤਰ੍ਹਾਂ ਦੀ ਪਛਾਣ ਆਪਣੇ ਅੰਦਰ ਸਮੋਈ ਬੈਠੀ ਹੈ। ਜੇ ਇਸ ਅਖਾਣ ’ਤੇ ਵਿਚਾਰ ਕਰੀਏ ਤਾਂ ਪਿੰਡ ਵਿੱਚ ਗੁਹਾਰੇ ਤਦ ਹੀ ਲੱਗਣਗੇ, ਜੇ ਉੱਥੇ ਪਸ਼ੂ (ਮੱਝ, ਗਾਵਾਂ ਤੇ ਬਲ਼ਦ) ਹੋਣਗੇ। 

ਜੇ ਪਿੰਡ ਵਿੱਚ ਮੱਝਾਂ-ਗਾਵਾਂ ਹਨ ਤਾਂ ਲੋਕ ਦੁੱਧ ਵੀ ਪੀਂਦੇ ਹੋਣਗੇ। ਦੁੱਧ ਪੀਣ ਨਾਲ ਉਹ ਰਿਸ਼ਟ-ਪੁਸ਼ਟ ਹੋਣਗੇ ਅਤੇ ਕੰਮ ਕਰਨਗੇ। ਕੰਮ ਨਾਲ ਹੀ ਕਿਸੇ ਪਿੰਡ ਦਾ ਵਿਕਾਸ ਹੁੰਦਾ ਹੈ। ਸੂਝਵਾਨ ਲੋਕ ਪਿੰਡ ਦੇ ਗੁਹਾਰਿਆਂ ਤੋਂ ਹੀ ਪਿੰਡ ਦੀ ਪਛਾਣ ਕਰ ਲੈਂਦੇ ਹਨ। ਇਸੇ ਤਰ੍ਹਾਂ ਪਿੰਡ ਦੀਆਂ ਤ੍ਰਿਵੈਣੀਆਂ ਹੇਠ ਬੈਠੇ ਬਜ਼ੁਰਗਾਂ ਨੂੰ ਦੇਖ ਕੇ ਹੀ ਉਸ ਪਿੰਡ ਦੀ ਸੂਝ-ਬੂਝ ਦਾ ਪਤਾ ਲੱਗਦਾ ਹੈ।

ਕੋਈ ਸਮਾਂ ਸੀ ਕਿ ਬਾਬੇ ਦੇ ਖੰਘੂਰੇ ਤੇ ਖੂੰਡੇ ਦੀ ਖੜਾਕ ਵਿੱਚ ਦਮ ਹੁੰਦਾ ਸੀ। ਬਾਬੇ ਦੇ ਖੰਘੂਰੇ ਤੇ ਖੂੰਡੇ ਦੀ ਖੜਾਕ ਨਾਲ ਸਭ ਸਿੱਧੇ ਹੋ ਜਾਂਦੇ ਸਨ ਪਰ ਹੁਣ ਉਹ ਸਮਾਂ ਪਿੱਛੇ ਰਹਿ ਗਿਆ ਹੈ। ਹੁਣ ਨਾ ਤਾਂ ਬਾਬੇ ਦੇ ਖੰਘੂਰੇ ਵਿੱਚ ਦਮ ਰਿਹਾ ਹੈ ਤੇ ਨਾ ਹੀ ਉਸ ਦਾ ਪਹਿਲਾਂ ਵਰਗਾ ਸਤਿਕਾਰ ਰਿਹਾ ਹੈ। ਕੋਈ ਸਮਾਂ ਸੀ, ਜਦੋਂ ਸਰਵਣ ਵਰਗੇ ਪੁੱਤ ਆਪਣੇ ਅੰਨ੍ਹੇ ਮਾਤਾ-ਪਿਤਾ ਨੂੰ ਤੀਰਥਾਂ ’ਤੇ ਲਈ ਫਿਰੇ ਪਰ ਅੱਜ-ਕੱਲ੍ਹ ਤਾਂ ਸੁਜਾਖੇ ਮਾਤਾ-ਪਿਤਾ ਨੂੰ ਤੀਰਥਾਂ ’ਤੇ ਲੈ ਕੇ ਨਹੀਂ ਜਾਂਦੇ। 

ਜੇ ਲੈ ਜਾਂਦੇ ਹਨ ਤਾਂ ਉੱਥੇ ਹੀ ਛੱਡ ਆਉਂਦੇ ਹਾਂ। ਬਜ਼ੁਰਗਾਂ ਨੂੰ ਅਸੀਂ ਵਾਧੂ ਜਾਂ ਨਕਾਰੇ ਸਾਮਾਨ ਵਾਂਗ ਖੂੰਜੇ ਲਾ ਕੇ ਰੱਖ ਦਿੰਦੇ ਹਾਂ ਪਰ ਬਜ਼ੁਰਗ ਕਬਾੜ ਦੇ ਸਾਮਾਨ ਵਾਂਗ ਨਕਾਰੀ ਚੀਜ਼ ਨਹੀਂ ਹਨ। ਅੱਜ ਲੋੜ ਹੈ ਇਨ੍ਹਾਂ ਨੂੰ ਸੰਭਾਲਣ ਦੀ। ਅੱਜ ਬਹੁਤੇ ਪਰਿਵਾਰ ਬਜ਼ੁਰਗਾਂ ਨੂੰ ਬੋਝ ਸਮਝਣ ਲੱਗ ਪਏ ਹਨ। 

ਬਜ਼ੁਰਗ ਕਬਾੜ ਦੇ ਸਾਮਾਨ ਵਾਂਗ ਖੂੰਜੇ ਲੱਗੇ ਝੂਰ ਰਹੇ ਹਨ। ਚੇਤੇ ਰੱਖੋ ਜੇ ਅਸੀਂ ਬਜ਼ੁਰਗਾਂ ਦੀ ਸਾਂਭ-ਸੰਭਾਲ ਨਾ ਕੀਤੀ ਤਾਂ ਸਾਡੀ ਵੀ ਕਿਸੇ ਨੇ ਸੰਭਾਲ ਨਹੀਂ ਕਰਨੀ। ਬੁਢਾਪਾ ਸਭ ’ਤੇ ਆਉਣਾ ਹੈ। ਜੇ ਤੁਸੀਂ ਪਰਿਵਾਰ ਵਿੱਚ ਸੁੱਖ-ਸ਼ਾਂਤੀ ਬਣਾਉਣਾ ਚਾਹੁੰਦੇ ਹੋ, ਬੱਚਿਆਂ ਦੇ ਚੰਗੇ ਸੰਸਕਾਰ ਬਣਾਉਣਾ ਚਾਹੁੰਦੇ ਹੋ ਤਾਂ ਆਓ, ਬਜ਼ੁਰਗਾਂ ਦੀ ਪਹਿਲਾਂ ਵਰਗੀ ਸਾਂਭ-ਸੰਭਾਲ ਕਰੀਏ। ਬਜ਼ੁਰਗਾਂ ਦੀ ਸੇਵਾ ਹੀ ਸਭ ਤੋਂ ਵੱਡਾ ਤੀਰਥ ਹੈ।

- ਜਗਦੀਪ ਸ਼ਰਮਾ ਹੰਡਿਆਇਆ

'ਆਜ਼ਾਦ ਭਾਰਤ' 'ਚ ਸੈਕਸ ਗ਼ੁਲਾਮਾਂ ਦਾ ਪਿੰਡ....


- ਅਮਨ/ਬਲਜਿੰਦਰ

   
 
 
 
 
 
 
 
 
 
 
 
 
 
 
 
 
  ਭਾਰਤ ਆਜ਼ਾਦ ਹੋ ਚੁੱਕਿਆ ਹੈ, ਪਰ ਢਿੱਡੋਂ ਭੁੱਖਿਆਂ ਨੂੰ ਇਸ ਆਜ਼ਾਦੀ ਨਾਲ ਕੋਈ ਮਤਲਬ ਨਹੀਂ, ਜੋ ਰੋਟੀ ਦਾ ਜੁਗਾੜ ਕਰਨ ਖਾਤਰ ਸਰੇਆਮ ਆਪਣੀ ਆਬਰੂ ਦਾ ਭਾਅ ਲਾਉਣ ਨੂੰ ਮਜਬੂਰ ਨੇ। 
 
ਇਹਨਾਂ ਲਈ ਸਿਆਸੀ ਪਾਰਟੀਆਂ ਦੇ ਮੈਨੀਫੈਸਟੋ, ਚੋਣ ਏਜੰਡੇ, ਪਾਰਟੀ ਪ੍ਰੋਗਰਾਮ, ਰੈਲੀਆਂ, ਮੀਟਿੰਗਾਂ ਕੋਈ ਮਾਇਨੇ ਨਹੀਂ ਰੱਖਦੀਆਂ, ਕਿਉਂਕਿ ਇਸ ਸਭ ਨੇ ਇਹਨਾਂ ਦੇ ਚੁੱਲੇ ਨੂੰ ਅੱਗ ਨਹੀਂ ਬਖਸ਼ਣੀ। ਚੁੱਲਾ ਤਪਾਉਣ ਖਾਤਰ ਤਾਂ ਇਹਨਾਂ ਨੂੰ ਭਾਰਤੀ ਸਮਾਜ ਵਿਚ ਅਸੱਭਿਅਕ ਮੰਨੇ ਜਾਂਦੇ ਤੇ ਨਫਰਤ ਨਾਲ ਵੇਖੇ ਜਾਂਦੇ ਧੰਦੇ ਦੀ ਭੱਠੀ ਵਿਚ ਹੀ ਬਲਣਾ ਪੈਣਾ ਹੈ। 
 
    ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੀ ਰਾਜਧਾਨੀ ਜੈਪੁਰ ਨਜ਼ਦੀਕ ਇਕ ਇਲਾਕਾ ਹੈ ਭਰਤਪੁਰ, ਇਸ ਪਿੰਡ ਵਿਚ ਦਾਖਲੇ ਤੋਂ ਕੁਝ ਉਰਾਂ ਹੀ, ਸ਼ਾਇਦ ਦੋ ਕੁ ਕਿਲੋਮੀਟਰ ਪਹਿਲਾਂ ਰਾਹਗੀਰਾਂ ਖਾਸ ਕਰਕੇ ਸੈਲਾਨੀਆਂ ਨੂੰ ਇਕ ਸ਼ਬਦ ਸੁਣੇਗਾ..''ਬੈਠੋਗੇ..?'' ਇਸ ਸ਼ਬਦ ਦਾ ਸਮਾਜ ਵਲੋਂ ਨਾਮਨਜ਼ੂਰ ਅਰਥ ਹੈ ਕਿ ਜਿਸਮਾਨੀ ਸੰਬੰਧਾਂ ਲਈ ਜੇਕਰ ਇੱਛਾ ਹੈ ਤਾਂ ਮੈਂ ਤਿਆਰ ਹਾਂ। ਕਾਮੁਕ ਇਸ਼ਾਰੇ ਕਰਦੀਆਂ ਨਬਾਲਗ ਬੱਚੀਆਂ ਤੋਂ ਲੈ ਕੇ ਅੱਧਖੜ ਉਮਰ ਦੀਆਂ ਔਰਤਾਂ ਲਈ ਇਹ ਰੁਜ਼ਗਾਰ ਦਾ ਸਾਧਨ ਹੈ, ਜਿਸ ਵਿਚ ਉਹਨਾਂ ਨੂੰ ਕੋਈ ਝਿਜਕ ਨਹੀਂ। 
 
      ਬੀ. ਬੀ. ਸੀ. ਲੰਡਨ ਖਬਰ ਏਜੰਸੀ ਦੀ ਟੀਮ ਦੇ ਕੁਝ ਮੈਂਬਰ ਇਸ ਪਿੰਡ ਵਿਚ ਗਏ ਤੇ ਇਸ ਧੰਦੇ ਵਿਚ ਲੱਗੀਆਂ ਬੀਬੀਆਂ ਨਾਲ ਉਹਨਾਂ ਦੇ ਪਰਿਵਾਰਕ ਜੀਆਂ ਨਾਲ ਖੁੱਲ ਕੇ ਗੱਲਬਾਤ ਕੀਤੀ। ਪਿੰਡ ਦੀ 30 ਸਾਲਾ ਬੀਬੀ ਮੰਜੂ ਠਾਕੁਰ ਨੇ ਬੜੀ ਬੇਬਾਕੀ ਨਾਲ ਕਿਹਾ ਕਿ 'ਇਹ ਤਾਂ ਸਾਡਾ ਖਾਨਦਾਨੀ ਧੰਦਾ ਹੈ'।
 
 ਗੱਲਬਾਤ ਵਿਚ ਪੂਰਾ ਰੋਅਬਦਾਬ ਰੱਖਣ ਵਾਲੀ ਮੰਜੂ ਨੇ ਦੱਸਿਆ ਕਿ ਰਾਜਸਥਾਨ ਤੇ ਮੱਧ ਪ੍ਰਦੇਸ਼ ਵਿਚ ਰਹਿੰਦੇ ਬੇੜੀਆ ਜਾਤੀ ਦੇ ਲੋਕ ਗੁੱਡੀਆਂ-ਪਟੋਲਿਆਂ ਨਾਲ ਖੇਡਣ ਦੀ ਉਮਰੇ ਹੀ ਆਪਣੀਆਂ ਬੱਚੀਆਂ ਨੂੰ ਵੇਸਵਾਗਮਨੀ ਦੇ ਧੰਦੇ ਦੀ ਮਨਜ਼ੂਰੀ ਦੇ ਦਿੰਦੇ ਹਨ। ਇਕ ਵਾਰ ਇਸ ਧੰਦੇ ਵਿਚ ਪਈਆਂ ਬੱਚੀਆਂ ਬੁੱਢੀਆਂ ਹੋਣ ਤੱਕ ਇਸੇ ਵਿਚੋਂ ਹੀ ਰੋਟੀ ਦਾ ਜੁਗਾੜ ਕਰਦੀਆਂ ਹਨ, ਕਈਆਂ ਦਾ ਤਾਂ ਪੂਰਾ ਪਰਿਵਾਰ ਹੀ ਉਹਨਾਂ ਦੇ ਇਸ ਧੰਦੇ 'ਤੇ ਪਲ਼ਦਾ ਹੈ। 
 
      ਭਰਤਪੁਰ ਦੇ ਮਲਾਹਾ ਪਿੰਡ ਨੇੜੇ ਕੂੜੇ ਦੇ ਢੇਰ ਲਾਗੇ ਆਪਣੇ ਟਿਕਾਣੇ ਵਿਚ ਇਹ ਧੰਦਾ ਕਰਨ ਵਾਲੀ ਮੰਜੂ ਨੇ ਦੱਸਿਆ ਕਿ ਜਦ ਉਸ ਨੂੰ ਜਿਸਮ ਦੇ ਸਾਰੇ ਅੰਗਾਂ ਦਾ ਨਾਂ ਵੀ ਨਹੀਂ ਸੀ ਪਤਾ ਉਸ ਉਮਰੇ ਉਸ ਦੇ ਪਿਓ ਨੇ 10 ਹਜ਼ਾਰ ਰੁਪਏ ਲੈ ਕੇ ਇਕ ਰਾਤ ਲਈ ਇਕ ਬਿਜ਼ਨੈਸਮੈਨ ਕੋਲ ਭੇਜਿਆ ਸੀ। ਉਦੋਂ ਉਸ ਦੀ ਉਮਰ 10-11 ਸਾਲ ਦੀ ਸੀ। 
 
 ਉਸ ਨੂੰ ਇਸ ਗੱਲ ਦਾ ਕੋਈ ਰੋਸਾ ਨਹੀਂ ਕਿ ਇਹ ਮੋਟੀ ਰਕਮ ਉਸ ਬੱਚੀ ਦਾ ਕੁਆਰਾਪਣ ਭੰਗ ਕਰਨ ਦੇ ਇਵਜ਼ 'ਚ ਮਿਲੀ, ਸਗੋਂ ਇਹ ਰਕਮ ਹਾਸਲ ਕਰਨ ਲਈ ਪਰਿਵਾਰ ਤੇ ਬੱਚੀਆਂ ਖੁਸ਼ੀ ਨਾਲ ਕਿਸੇ ਦੇ ਵੀ ਕੋਲ ਜਾਣ ਨੂੰ ਤਿਆਰ ਨੇ। ਮੰਜੂ ਨੇ ਦੱਸਿਆ ਕਿ ਅੱਜ ਵੀ ਜੈਪੁਰ ਦੇ ਅਮੀਰ ਲੋਕ ਇਹਨਾਂ ਕੱਚੀ ਉਮਰ ਦੀਆਂ ਬੱਚੀਆਂ ਦੀ ਭਾਲ ਵਿਚ ਰਹਿੰਦੇ ਹਨ। 
 
ਬੀ. ਬੀ. ਸੀ. ਮੁਤਾਬਕ ''ਪੰਛੀ ਕਾ ਨਗਲਾ'' ਨਾਂ ਨਾਲ ਜਾਣੇ ਜਾਂਦੇ ਮਲਾਵਾ ਪਿੰਡ ਵਿੱਚ ਅੱਜ ਇੱਕ ਸੌ ਤੋਂ ਵੱਧ ਔਰਤਾਂ ਦੇਹ ਵਪਾਰ ਦੇ ਧੰਦੇ ਦੀ ਦਲਦਲ ਵਿੱਚ ਫਸੀਆਂ ਹੋਈਆਂ ਹਨ। ਗਾਹਕਾਂ ਨੂੰ ਖਿੱਚਣ ਲਈ ਜਿਸਮ ਦਾ ਪ੍ਰਦਰਸ਼ਨ ਕਰਦੇ ਕੱਪੜੇ ਪਾਉਂਦੀਆਂ ਨੇ, ਪਾਊਡਰ ਨਾਲ ਲਿੱਪੇ ਚਿਹਰੇ, ਗੂੜੇ ਲਾਲ ਰੰਗ ਜਾਂ ਬੈਂਗਣੀ ਰੰਗ ਦੀ ਲਿਪਸਟਿਕ ਲਾ ਕੇ ਇਹ ਬੀਬੀਆਂ ਬੇਚੈਨ ਨਜ਼ਰਾਂ ਨਾਲ ਲੰਘਦੇ ਟੱਪਦੇ ਲੋਕਾਂ ਵਿਚੋਂ ਆਪਣੇ ਗਾਹਕ ਭਾਲਦੀਆਂ ਰਹਿੰਦੀਆਂ ਹਨ। 
 
     2005 ਵਿੱਚ ਇੱਥੇ ਬਣਾਏ ਫਲਾਈਓਵਰ ਨਾਲ ਲਗਦੀ ਬੇੜਿਆਂ ਦੀ ਬਸਤੀ ਦੋ ਫਾੜ ਹੋ ਗਈ ਸੀ, ਪਰ ਇਸ ਦੇ ਬਾਵਜੂਦ ਉਹਨਾਂ ਦੇ ਇਸ ਖਾਨਦਾਨੀ ਧੰਦੇ 'ਤੇ ਕੋਈ ਅਸਰ ਨਹੀਂ ਪਿਆ। ਰਾਜਸਥਾਨ ਵਿਚ ਸ਼ਾਇਦ ਇਹੋ ਇਕ ਅਜਿਹੀ ਜਗਾ ਹੈ ਜਿੱਥੇ ਲੋਕ ਖਾਸ ਕਰਕੇ ਕਾਰਾਂ-ਗੱਡੀਆਂ ਵਾਲੇ ਫਲਾਈਓਵਰ ਉਤੋਂ ਜਾਣ ਦੀ ਬਜਾਏ ਹੇਠਾਂ ਤੋਂ ਉੱਬੜ-ਖਾਬੜ ਰਾਹਾਂ ਤੋਂ ਜਾਣਾ ਪਸੰਦ ਕਰਦੇ ਨੇ। 
 
ਉਹਨਾਂ ਦੀ ਲਲਚਾਈਆਂ ਨਜ਼ਰਾਂ ਤੇ ਗਾਹਕਾਂ ਦੀ ਉਡੀਕ ਕਰ ਰਹੀਆਂ ਬੀਬੀਆਂ ਦੀਆਂ ਨਜ਼ਰਾਂ ਹੀ ਸੌਦਾ ਤੈਅ ਕਰਦੀਆਂ ਨੇ, ਵਿਚ ਕੋਈ ਦਲਾਲ ਨਹੀਂ, ਸਮਾਜ ਦੀ ਕੋਈ ਪ੍ਰਵਾਹ ਨਹੀਂ, ਪ੍ਰਵਾਹ ਹੈ ਤਾਂ ਬੱਸ ਹਰ ਦਿਨ ਕੋਈ ਗਾਹਕ ਬੈਠੇ ਤੇ ਕੁਝ ਕਮਾਈ ਦਾ ਜੁਗਾੜ ਹੋ ਸਕੇ। ਗਾਹਕ ਇਸ ਬਸਤੀ ਨੂੰ ਦਿਲਕਸ਼ ਨਜ਼ਾਰਾ ਦੱਸਦੇ ਨੇ। 
 
ਹਰ ਦਿਨ ਇਕ ਤੋਂ ਵੱਧ ਗਾਹਕਾਂ ਨਾਲ ਬੈਠਣ ਵਾਲੀ ਮੰਜੂ ਇਸ ਧੰਦੇ ਤੋਂ ਸੰਤੁਸ਼ਟ ਹੈ। ਉਸ ਦੀਆਂ ਭੈਣਾਂ 25 ਸਾਲਾ ਨਿਸ਼ਾ, 24 ਸਾਲਾ ਰੇਸ਼ਮਾ ਤੇ 20 ਸਾਲ ਦੀ ਭੂਆ ਇਸੇ ਧੰਦੇ ਦੀ ਕਮਾਈ ਨਾਲ 40 ਜੀਆਂ ਵਾਲਾ ਪਰਿਵਾਰ ਪਾਲਦੀਆਂ ਨੇ।
 
 ਇਸ ਧੰਦੇ ਵਿਚ ਲੱਗੀਆਂ ਔਰਤਾਂ ਵਿਆਹ ਨਹੀਂ ਕਰ ਸਕਦੀਆਂ ਪਰ ਕਈਆਂ ਦੀ ਔਲਾਦ ਹੈ, ਜੋ ਜਾਇਜ਼ ਮਾਂ ਦੀ ਨਜਾਇਜ਼ ਔਲਾਦ ਦਾ ਕਲੰਕ ਲਾ ਕੇ ਉਮਰ ਬਤੀਤ ਕਰਦੀ ਹੈ। ਮੰਜੂ ਦੀ 50 ਸਾਲਾ ਮਾਂ ਨੇ ਕਿਹਾ ਕਿ ਮੈਂ ਤਾਂ ਚਾਹੁੰਦੀ ਸੀ ਕਿ ਮੇਰੀਆਂ ਧੀਆਂ ਦਾ ਵਿਆਹ ਹੋਵੇ ਪਰ ਉਹਨਾਂ ਦੇ ਪਿਓ ਨੇ ਇਹ ਰਾਹ ਚੁਣਿਆ, ਇਸ ਰਾਹ ਵਿਚ ਕੋਈ ਘਰ ਨਹੀਂ ਹੁੰਦਾ, ਸਿਰਫ ਗਾਹਕ ਹੀ ਹੁੰਦੇ ਨੇ। ਇਹ ਕੁੜੀਆਂ ਆਪਣੇ ਭਰਾਵਾਂ ਦੇ ਟੱਬਰ ਵੀ ਪਾਲਦੀਆਂ ਨੇ।  
 
      ਇਸ ਧੰਦੇ ਬਾਰੇ ਗੱਲ ਕਰਦੇ ਪਿੰਡ ਦੇ ਮਰਦ ਕੋਈ ਝਿਜਕ ਮਹਿਸੂਸ ਨਹੀਂ ਕਰਦੇ, ਜਿਸਮਫਰੋਸ਼ੀ ਦੇ ਧੰਦੇ ਵਿਚ ਪਈਆਂ ਛੇ ਭੈਣਾਂ ਦੇ ਭਰਾ ਤੇ ਦੋ ਭੂਆ ਦੇ ਭਤੀਜੇ 37 ਸਾਲ ਦੇ ਵਿਜੇਂਦਰ ਨੇ ਕਿਹਾ ਕਿ ਅਸੀਂ ਕਿਹੜਾ ਜ਼ੋਰ ਜ਼ਬਰਦਸਤੀ ਕਰਦੇ ਹਾਂ, ਇਹ ਇਸ ਧੰਦੇ ਵਿਚ ਰਾਜ਼ੀ ਨੇ, ਕੋਈ ਹੋਰ ਕੰਮ ਕਰਨਾ ਇਹਨਾਂ ਨੂੰ ਪਸੰਦ ਨਹੀਂ। ਵਿਜੇਂਦਰ ਨੇ ਦੱਸਿਆ ਕਿ ਉਸ ਨੇ ਆਪਣੀ ਹਰ ਭੈਣ ਨੂੰ ਪੁੱਛਿਆ ਸੀ ਕਿ ਧੰਦਾ ਕਰੇਂਗੀ ਕਿ ਵਿਆਹ, ਪਰ ਹਰੇਕ ਨੇ ਵਿਆਹ ਕਰਨ ਤੋਂ ਇਨਕਾਰ ਕਰ ਦਿੱਤਾ। 
      ਇਸ ਧੰਦੇ ਵਿਚ ਲੱਗੀਆਂ ਔਰਤਾਂ ਦੀ ਜ਼ਿੰਦਗੀ ਗਾਹਕਾਂ ਦੀ ਉਡੀਕ ਕਰਨੀ, ਗਾਹਕਾਂ ਨਾਲ ਬੈਠਣਾ, ਗਾਹਕਾਂ ਨੂੰ ਲੁਭਾਉਣ ਖਾਤਰ ਬਜ਼ਾਰਾਂ ਵਿਚ ਖਰੀਦੋ ਫਰੋਖਤ ਕਰਨੀ, ਕਈ ਬਿਮਾਰ ਹੋਣ ਤਾਂ ਵੀ ਕਿਸੇ ਗਾਹਕ ਡਾਕਟਰ ਕੋਲ ਹੀ ਇਲਾਜ ਲਈ ਜਾਣਾ.. ਮੁੱਕਦੀ ਗੱਲ ਕਿ ਜ਼ਿੰਦਗੀ ਵਿਚ ਇਕ ਵਾਰ ਗਾਹਕਾਂ ਦਾ ਦਾਖਲਾ ਹੋ ਜਾਵੇ ਤਾਂ ਜਿਸਮ ਵਿਚ ਜਾਨ ਤੱਕ ਗਾਹਕਾਂ ਦੇ ਦੁਆਲੇ ਹੀ ਇਹਨਾਂ ਦੀ ਜ਼ਿੰਦਗੀ ਘੁੰਮਦੀ ਹੈ। 
 
ਦੂਜੇ ਪਾਸੇ ਇਹਨਾਂ ਦੀ ਕਮਾਈ 'ਤੇ ਪਰਿਵਾਰ ਦੇ ਬਾਕੀ ਜੀਅ ਅੱਯਾਸ਼ੀ ਕਰਦੇ ਨੇ, ਮਹਿੰਗੀਆਂ ਗੱਡੀਆਂ, ਮੋਟਰਸਾਈਕਲ, ਬਰਾਂਡਿਡ ਸੂਟ ਬੂਟ, ਮਹਿੰਗੇ ਮੋਬਾਇਲ ਫੋਨ, ਸੋਨੇ ਦੇ ਗਹਿਣੇ ਇਹਨਾਂ ਦੇ ਸ਼ੌਕ ਨੇ, ਪਰ ਇਸ ਵਾਸਤੇ ਇਹਨਾਂ ਕਦੀ ਖੋਟਾ ਸਿੱਕਾ ਤੱਕ ਨਹੀਂ ਕਮਾਇਆ। ਆਪਣੀਆਂ ਭੈਣਾਂ ਦੀ ਕਮਾਈ 'ਤੇ ਐਸ਼ ਕਰ ਰਹੇ 39 ਸਾਲਾ ਲਾਖਨ ਨੂੰ ਜਦ ਪੁੱਛਿਆ ਗਿਆ ਕਿ ਉਸ ਦੀ ਜ਼ਮੀਰ 'ਤੇ ਕਦੀ ਭਾਰ ਨਹੀਂ ਪਿਆ ਕਿ ਭੈਣਾਂ ਦੀ ਕਿਸ ਕਮਾਈ ਨਾਲ ਐਸ਼ ਕਰ ਰਿਹਾਂ ਤਾਂ ਉਸ ਨੇ ਜੁਆਬ ਦਿੱਤਾ ਕਿ ਸਰਕਾਰ ਨੂੰ ਆਖੋ ਮੈਨੂੰ ਚੰਗੀ ਜਿਹੀ ਨੌਕਰੀ ਦੇ ਦੇਵੇ ਤਾਂ ਮੈਂ ਆਪਣੀਆਂ ਭੈਣਾਂ ਨੂੰ ਇਸ ਧੰਦੇ ਵਿਚੋਂ ਬਹਾਰ ਕੱਢ ਲਵਾਂਗਾ, ਤੇ ਨਾਲ ਹੀ ਕਿਹਾ ਕਿ ਮੈਨੂੰ ਪਤਾ ਇਹ ਹੋ ਨਹੀਂ ਸਕਦਾ। 
      ਇਸ ਧੰਦੇ ਵਿਚ ਲੱਗੀ ਨਿਸ਼ਾ ਵਿਆਹ ਤੇ ਗ੍ਰਹਿਸਥੀ ਨੂੰ ਖੱਚਰ ਵਾਂਗ ਭਾਰ ਢੋਣ ਦੇ ਬਰਾਬਰ ਦੱਸਦੀ ਹੈ, ਉਸ ਨੇ ਦੱਸਿਆ ਕਿ ਸਾਡੀਆਂ ਜਿਹੜੀਆਂ ਔਰਤਾਂ ਦਾ ਵਿਆਹ ਹੋ ਜਾਂਦਾ ਹੈ, ਉਹ ਸਾਰਾ ਦਿਨ ਘਰ ਦਾ ਕੰਮ ਕਰਨ, ਖਾਣਾ ਬਣਾਉਣ, ਇਸ ਧੰਦੇ ਵਿਚ ਲੱਗੀਆਂ ਨਣਾਨਾਂ ਦੀ ਟਹਿਲ ਸੇਵਾ ਕਰਨ, ਉਹਨਾਂ ਦੇ ਜੇਕਰ ਬੱਚੇ ਹਨ ਤਾਂ ਉਹਨਾਂ ਨੂੰ ਸਾਂਭਣ ਵਿਚ ਹੀ ਉਮਰ ਕੱਟ ਦਿੰਦੀਆਂ ਹਨ।
 
 ਨਿਸ਼ਾ 14 ਦੀ ਉਮਰ ਤੋਂ ਇਸ ਧੰਦੇ ਵਿਚ ਲੱਗੀ ਹੈ, ਪਹਿਲੀ ਕਮਾਈ 10-11 ਹਜ਼ਾਰ ਦੀ ਸੀ, ਤੇ ਅੱਜ ਉਹ ਹਰ ਰੋਜ਼ 2 ਹਜ਼ਾਰ ਰੁਪਏ ਤੱਕ ਕਮਾ ਲੈਂਦੀ ਹੈ। ਬੜੀ ਦਿਲਚਸਪ ਦਲੀਲ ਦਿੰਦੀ ਹੈ ਕਿ ਸਰਕਾਰ ਨੇ ਦਿਹਾੜੀ 140 ਰੁਪਏ ਮਿਥੀ ਹੋਈ ਹੈ ਤੇ ਅਸੀਂ ਉਸ ਦਾ 20 ਗੁਣਾ ਕਮਾ ਲੈਂਦੀਆਂ ਹਾਂ, ਉਸ ਨੇ ਦੱਸਿਆ ਕਿ ਤਿਉਹਾਰਾਂ ਦੇ ਦਿਨਾਂ ਵਿਚ ਤੇ ਜਦੋਂ ਮਜ਼ਦੂਰਾਂ ਜਾਂ ਸਰਕਾਰੀ ਮੁਲਾਜ਼ਮਾਂ ਨੂੰ ਤਨਖਾਹ ਮਿਲਣੀ ਹੁੰਦੀ ਹੈ ਤਾਂ ਉਹਨਾਂ ਦੀ ਕਮਾਈ ਦੁੱਗਣੀ ਹੋ ਜਾਂਦੀ ਹੈ। 
      ਕਈ ਏਡਜ਼ ਪੀੜਤ ਵੀ ਹਨ, ਪਤਾ ਹੋਣ ਦੇ ਬਾਵਜੂਦ ਇਸ ਕੰਮ ਤੋਂ ਪਿਛਾਂਹ ਨਹੀਂ ਹਟ ਸਕਦੀਆਂ, ਕਿਸੇ ਨੇ ਇਲਾਜ ਕਰਵਾਉਣਾ ਤਾਂ ਦੂਰ ਰੋਟੀ ਨਹੀਂ ਦੇਣੀ। 30 ਸਾਲ ਦੀ ਇਕ ਬੀਬੀ ਨੂੰ ਏਡਜ਼ ਹੈ, ਉਹ ਦੁੱਖਾਂ ਨਾਲ ਭਰੀ ਪਈ ਹੈ ਤੇ ਕਹਿੰਦੀ ਹੈ ਕਿ ਮੈਂ ਹੋਰ ਕੋਈ ਕੰਮ ਨਹੀਂ ਕਰ ਸਕਦੀ, ਮੇਰੇ ਭਰਾ 10-12 ਸਾਲ ਦੇ ਹੀ ਹਨ, ਉਹ ਵੀ ਕੋਈ ਕੰਮ ਨਹੀਂ ਕਰ ਸਕਦੇ, ਇਸ ਕਰਕੇ ਮੈਂ ਮਜਬੂਰ ਹਾਂ। 
      ਸਭ ਤੋਂ ਵੱਧ ਹੈਰਾਨ ਕਰਨ ਵਾਲੀ ਜਾਣਕਾਰੀ ਤਾਂ ਇਹ ਹੈ ਕਿ ਇਹ ਧੰਦਾ ਸੜਕ ਕਿਨਾਰੇ ਹੀ ਕੱਪੜੇ ਦੀ ਓਟ ਕਰਕੇ ਚੱਲਦਾ ਹੈ, ਨਿੱਕੀਆਂ ਬੱਚੀਆਂ ਨੂੰ ਉਥੇ ਲਿਜਾਇਆ ਜਾਂਦਾ ਹੈ ਤਾਂ ਜੋ ਮਾਨਸਿਕ ਰੂਪ ਵਿਚ ਉਹ ਇਸ ਕੰਮ ਲਈ ਤਿਆਰੀ ਆਰੰਭ ਦੇਣ। ਜਿਸ ਬੱਚੀ ਦੇ ਕੁਆਰੇਪਣ ਦੀ ਕੀਮਤ ਪਹਿਲਾਂ 10 ਹਜ਼ਾਰ ਰੁਪਏ ਸੀ ਹੁਣ ਉਹ ਵਧ ਕੇ ਲੱਖ ਦੋ ਲੱਖ ਤੱਕ ਜਾ ਪੁੱਜੀ ਹੈ, ਇੰਨੀ ਰਕਮ ਕਿਸੇ ਹੋਰ ਜਾਇਜ਼ ਕੰਮ ਦੀ ਨਹੀਂ ਮਿਲਦੀ , ਇਸ ਧੰਦੇ ਬਾਰੇ ਪ੍ਰਸ਼ਾਸਨ  ਦੀ ਭੂਮਿਕਾ ਬੜੀ ਨਖਿੱਧ ਰਹੀ ਹੈ, 
 
ਕੁਝ ਸਾਲ ਪਹਿਲਾਂ ਪ੍ਰਸ਼ਾਸਨ ਨੇ ਇਸ ਬਸਤੀ ਨੂੰ ਅੱਗ ਲਾ ਕੇ ਲੋਕਾਂ ਨੂੰ ਇਥੋਂ ਉਜਾੜਨ ਦੀ ਨਾਕਾਮ ਕੋਸ਼ਿਸ਼ ਕੀਤੀ ਸੀ। ਹੁਣ 34 ਸਾਲਾ ਜ਼ਿਲਾ ਕੁਲੈਕਟਰ ਨੀਰਜ ਕੁਮਾਰ ਨੇ ਮਸਲੇ ਦਾ ਹੱਲ ਕਰਨ ਲਈ ਕਦਮ ਚੁੱਕਦਿਆਂ ਕਿਹਾ ਹੈ ਕਿ ਇਸ ਦਾ ਹੱਲ ਡੰਡੇ ਦਾ ਜ਼ੋਰ ਤਾਂ ਹਰਗਿਜ਼ ਨਹੀਂ, ਸਭ ਤੋਂ ਪਹਿਲਾਂ ਉਹਨਾਂ ਬਸਤੀ ਵਿਚ ਇਕ ਸਕੂਲ ਖੁਲਵਾਇਆ ਹੈ। 
 
ਉਹ ਇਸ ਧੰਦੇ ਵਿਚ ਲੱਗੀਆਂ ਔਰਤਾਂ ਨੂੰ ਗਰਭਨਿਰੋਧਕ ਦਵਾਈਆਂ ਵੰਡ ਰਹੇ ਹਨ, ਪਰ ਬੀਬੀਆਂ ਦਾ ਕਹਿਣਾ ਹੈ ਕਿ ਬੱਚੇ ਤਾਂ ਬਹੁਤ ਜ਼ਰੂਰੀ ਨੇ, ਕੁੜੀਆਂ ਹੋਣਗੀਆਂ ਤਾਂ ਧੰਦਾ ਕਰਨਗੀਆਂ, ਮੁੰਡੇ ਹੋਏ ਤਾਂ ਉਹਨਾਂ ਦੀ ਰਾਖੀ ਕਰਨਗੇ। ਸਪੱਸ਼ਟ ਹੈ ਕਿ ਸਦੀਆਂ ਪੁਰਾਣੀ ਇਸ ਪਰੰਪਰਾ ਨੂੰ ਆਸਾਨੀ ਨਾਲ ਖਤਮ ਨਹੀਂ ਕੀਤਾ ਜਾ ਸਕਦਾ। 
ਇਹ ਬਸਤੀ ਵੀ ਸਿਆਸੀ ਪਾਰਟੀਆਂ ਲਈ ਵੋਟਾਂ ਤੋਂ ਵੱਧ ਕੁਝ ਨਹੀਂ. . 
 
source : observeplus.blogspot.com

ਡੋਡਿਆਂ ਦੀ ਭੁੱਕੀ ਖਾ ਲੈ ਚਾਹ ਦੀ ਘੁੱਟ ਨਾਲ...................

. ਇਹ ਪੰਜਾਬ ਵੀ ਮੇਰਾ ਹੈ..?-1

ਡੋਡਿਆਂ ਦੀ ਭੁੱਕੀ ਖਾ ਲੈ ਚਾਹ ਦੀ ਘੁੱਟ ਨਾਲ

* ਪੰਜਾਬ ਦੀ ਹੱਦ ਨਾਲ ਲੱਗਦੇ ਰਾਜਸਥਾਨ ਦੇ ਪੋਸਤ ਵਾਲੇ ਠੇਕਿਆਂ 'ਤੇ ਮਲਵਈਆਂ  ਦੀਆਂ ਭੀੜਾਂ

* ਪੰਜਾਬ ਨਾਲੋਂ ਅੱਧੇ ਭਾਅ ਤੇ ਸ਼ੁੱਧਤਾ ਦਾ ਲਾਭ ਲੈ ਰਹੇ ਨੇ ਅਮਲੀ

*.. ਕਿੱਲੋ ਕੁ ਭੁੱਕੀ ਤਾਂ ਪੁਲਿਸ ਵਾਲੇ ਵੀ ਨਹੀਂ ਰੋਕਦੇ, ਜੇ ਰੋਕ ਲੈਣ ਤਾਂ ਮਾਲ 'ਫਿਫਟੀ-ਫਿਫਟੀ'

* ਰਾਜਸਥਾਨ ਤੋਂ ਵਿਸ਼ੇਸ਼ ਰਿਪੋਰਟ ਬਲਜਿੰਦਰ ਕੋਟਭਾਰਾ, ਅਮਨਦੀਪ ਹਾਂਸ
 
 
ਪੰਜਾਬ ਵਿੱਚ ਨਸ਼ੇ ਦੇ ਕਿੰਨੇ ਦਰਿਆ ਵਹਿਣ ਲੱਗੇ ਹਨ, ਕੋਈ ਥਾਹ ਨਹੀਂ ਪਾ ਸਕਦਾ। ਇਹ ਗੱਲ ਕਹਿਣ ਵਿੱਚ ਕੋਈ ਸੰਕੋਚ ਜਾਂ ਝਿਜਕ ਨਹੀਂ ਰਹੀ ਕਿ ਸਿਸਟਮ ਦੀ ਮਿਲੀਭੁਗਤ ਨਾਲ ਹੋਰਨਾਂ ਮੁਲਕਾਂ ਦੇ ਨਸ਼ਾ ਮਾਫੀਆ ਨੇ ਵੀ ਪੰਜਾਬ ਦੀ ਸਰਜ਼ਮੀਨ ਨੂੰ ਨਸ਼ੇ ਦੇ ਕਾਰੋਬਾਰ ਲਈ ਲਾਂਘਾ ਬਣਾ ਲਿਆ ਹੈ। 
 
 
ਹਰ ਤਰ੍ਹਾਂ ਦੇ ਨਸ਼ੇ ਖਪਤ ਪੰਜਾਬ ਵਿੱਚ ਸਭ ਤੋਂ ਵੱਧ ਹੋਣ ਪਿੱਛੇ ਕੀ ਕਾਰਨ ਨੇ, ਜੇ ਕੋਈ ਹਾਲੇ ਵੀ ਇਸ ਬਾਰੇ ਨਹੀਂ ਜਾਣਦਾ ਤਾਂ ਉਸ ਦਾ ਨਾਮ ਪੰਜਾਬ ਪ੍ਰਤੀ ਸੁਹਿਰਦ ਸੱਜਣਾਂ ਦੀ ਸੂਚੀ ਵਿੱਚ ਸ਼ਾਮਲ ਨਹੀਂ ਕੀਤਾ ਜਾ ਸਕਦਾ। ਨਸ਼ਾ ਮਾਫੀਆ ਦੀਆਂ ਪੌਂ ਬਾਰਾਂ ਨੇ, ਭਾਵੇਂ ਉਹ ਪੰਜਾਬ ਨਾਲ ਸੰਬੰਧਿਤ ਹੋਵੇ ਭਾਵੇਂ ਪੰਜਾਬ ਤੋਂ ਬਾਹਰ ਕਿਸੇ ਹੋਰ ਥਾਂ ਦਾ, ਬੱਸ ਉਸ ਦਾ ਕਾਰੋਬਾਰ ਪੰਜਾਬ ਵਿੱਚ ਚੱਲਦਾ ਹੋਣਾ ਚਾਹੀਦਾ ਹੈ। ਨਸ਼ੇ ਦਾ ਹਰ ਕਾਰੋਬਾਰ ਸਿੱਧੇ ਅਸਿੱਧੇ ਰੂਪ ਵਿੱਚ ਪੰਜਾਬ ਨਾਲ ਹੀ ਆ ਜੁੜਦਾ ਹੈ। ਪੰਜਾਬ ਦੇ ਗੁਆਂਢੀ ਸੂਬੇ ਰਾਜਸਥਾਨ ਦੀ ਹੀ ਗੱਲ ਕਰਦੇ ਹਾਂ..

          ਪੰਜਾਬ ਦੀ ਹੱਦ ਨਾਲ ਲੱਗਦੇ ਰਾਜਸਥਾਨ ਦੇ ਪੋਸਤ ਵਾਲੇ ਠੇਕਿਆਂ 'ਤੇ ਪੰਜਾਬੀਆਂ ਦੀਆਂ ਜੁੜ ਰਹੀਆਂ ਭੀੜਾਂ ਨੇ ਪੰਜਾਬ ਦੀਆਂ ਸਮੇਂ ਸਮੇਂ ਦੀਆਂ ਸਰਕਾਰਾਂ ਵਲੋਂ ਨਸ਼ੇ ਵਿਰੁੱਧ ਕਾਰਵਾਈ ਕਰਨ ਦੇ ਕੀਤਾ ਜਾ ਰਹੇ ਦਾਅਵਿਆਂ ਦੀ ਪੋਲ ਖੋਲ੍ਹਣ ਦੇ ਨਾਲ ਨਾਲ ਹੋਰ ਵੀ ਬੜਾ ਕੁਝ ਬਿਆਨਦੀਆਂ ਨੇ। 
 
ਪੰਜਾਬ ਨਾਲੋਂ ਅੱਧੇ ਭਾਅ ਅਤੇ ਸ਼ੁੱਧ ਹੋਣ ਕਾਰਣ ਮਲਵਈ ਅਮਲੀਆਂ ਨੇ ਰਾਜਸਥਾਨ ਦੇ ਡੋਡਿਆਂ ਵਾਲੇ ਠੇਕਿਆਂ ਵੱਲ ਵਹੀਰਾਂ ਘੱਤ ਦਿੱਤੀਆਂ ਨੇ। ਸੂਤਰਾਂ ਨੇ ਦੱਸਿਆ ਕਿ ਪੰਜਾਬ ਦੀ ਸੀਮਾ ਨਾਲ ਲੱਗਦੇ ਡੋਡਿਆਂ ਦੇ ਠੇਕਿਆਂ ਦੀ ਬੋਲੀ ਹਰ ਸਾਲ ਲਗਾਤਾਰ ਇਸ ਕਾਰਣ ਵਧਦੀ ਜਾਂਦੀ ਹੈ ਕਿਉਂਕਿ ਇਹਨਾਂ ਠੇਕਿਆਂ ਦੇ ਵੱਡੀ ਗਿਣਤੀ ਵਿੱਚ ਪੰਜਾਬ ਦੇ ਅਮਲੀ ਪੱਕੇ ਗਾਹਕ ਹਨ ਅਤੇ ਇਹ ਗਾਹਕੀ ਲਗਾਤਾਰ ਵਧਦੀ ਜਾ ਰਹੀ ਹੈ। ਮਾਲਵੇ ਦੇ ਨੇੜੇ ਪੈਂਦੇ ਦੋ ਅਹਿਮ ਡੋਡਿਆਂ ਵਾਲੇ ਠੇਕਿਆਂ 'ਤੇ ਜਾ ਕੇ ਉੱਥੇ ਜੁੜੇ ਅਮਲੀਆਂ ਨਾਲ ਗੱਲਬਾਤ ਕਰਨ ਅਤੇ ਮਾਹੌਲ ਦਾ ਜਾਣਕਾਰੀ ਹਾਸਲ ਕਰਨ 'ਤੇ ਅਹਿਮ ਤੱਥ ਉਜਾਗਰ ਹੋਏ ਹਨ।

        ਬਠਿੰਡਾ ਤੋਂ 130 ਕਿਲੋਮੀਟਰ ਦੂਰ ਰਾਜਸਥਾਨ ਦੇ ਸ਼ਹਿਰ ਸ੍ਰੀ ਗੰਗਾਨਗਰ ਦੇ ਬੱਸ ਅੱਡੇ ਨਜ਼ਦੀਕ ਸਥਿਤ ''ਵਿਸ਼ਵਬੰਧੂ ਪੁੱਤਰ ਸਦਾ ਰਾਮ''  ਠੇਕੇ 'ਤੇ ਜਦੋਂ ਟੀਮ ਨੇ ਵੇਖਿਆ ਤਾਂ ਮਾਲਵਾ ਇਲਾਕੇ ਤੋਂ ਭੁੱਕੀ ਲੈਣ ਪੁੱਜੇ ਅਮਲੀਆਂ ਦੀ ਇੱਕ ਲਾਈਨ ਲੱਗੀ ਹੋਈ ਸੀ। ਠੇਕੇ 'ਤੇ ਬੈਠੇ ਕਾਰਿੰਦੇ ਨੇ ਦੱਸਿਆ ਕਿ ਉਹ ਸਰਕਾਰੀ ਭਾਅ 'ਤੇ 800 ਰੁਪਏ ਪ੍ਰਤੀ ਕਿਲੋ ਡੋਡਿਆਂ ਦਾ ਪੋਸਤ ਵੇਚਦੇ ਹਨ ਤੇ ਹਰ ਪੈਕਿੰਗ 100 ਗ੍ਰਾਮ ਦੀ ਹੈ, ਇਸ ਤੋਂ ਘੱਟ ਨਹੀਂ ਮਿਲਦਾ। 
 
ਸਿਰ 'ਤੇ ਬੰਨ੍ਹਣ ਵਾਲੇ ਪਰਨੇ ਦੀ ਝੋਲੀ ਵਿੱਚ 100-100 ਗ੍ਰਾਮ ਦੀਆਂ 8 ਪੂੜੀਆਂ ਚੁੱਕੀ ਆਉਂਦੇ ਇੱਕ ਅਮਲੀ ਨਾਲ ਗੱਲਬਾਤ ਕਰਨ 'ਤੇ ਉਹਨਾਂ ਦੱਸਿਆ ਕਿ ਉਹ ਪਿਛਲੇ 10-12 ਸਾਲਾਂ ਤੋਂ ਇਸ ਠੇਕੇ ਤੋਂ ਹੀ ਭੁੱਕੀ ਲੈ ਕੇ ਜਾਂਦਾ ਹੈ। ਉਸ ਦਾ ਦਾਅਵਾ ਸੀ ਕਿ ਰਾਜਸਥਾਨ ਦਾ ਪੋਸਤ ਪੂਰਾ ਸ਼ੁੱਧ ਅਤੇ ਡੋਡਿਆਂ ਤੋਂ ਤਿਆਰ ਕੀਤਾ ਹੋਇਆ ਹੁੰਦਾ ਹੈ ਜਦੋਂ ਕਿ ਪੰਜਾਬ ਦੇ ਬਲੈਕੀਏ ਇਸ ਵਿੱਚ ਕੱਦੂ ਅਤੇ ਹੋਰ ਪਤਾ ਨਹੀਂ ਕੀ ਗੰਦ-ਮੰਦ ਪਾ ਦਿੰਦੇ ਹਨ ਜਿਸ ਨਾਲ ਨਸ਼ਾ ਤਾਂ ਹੋਣਾ ਹੀ ਕੀ ਹੁੰਦਾ ਸਗੋਂ ਅਮਲੀ ਦੀ ਜਾਨ ਵੀ ਜਾ ਸਕਦੀ ਹੈ। 
 
ਇਸ ਠੇਕੇ ਦੇ ਸਾਹਮਣੇ ਤਿੰਨ ਚਾਹ ਵੇਚਣ ਵਾਲੇ ਆਰਜ਼ੀ ਤੰਬੂਆਂ ਵਿੱਚ ਜਾ ਕੇ ਦੇਖਣ 'ਤੇ ਅਜੀਬ ਕਿਸਮ ਦੇ ਦ੍ਰਿਸ਼ ਨਜ਼ਰ ਆਏ ਹਰ ਤੰਬੂ ਵਿੱਚ 15-20 ਦੇ ਕਰੀਬ ਬੈਠੇ ਅਮਲੀ ਖ਼ਰੀਦ ਕੇ ਲਿਆਦੇ ਪੋਸਤ ਦੇ ਪੈਕਟਾਂ ਨੂੰ ਆਪੋ ਆਪਣੇ ਢੰਗ ਨਾਲ ਸਾਂਭਣ 'ਤੇ ਲੱਗੇ ਹੋਏ ਸਨ। ਇੱਕ 55 ਕੁ ਸਾਲ ਦਾ ਅਮਲੀ ਪੈਕਟਾਂ ਵਿੱਚ ਸੂਈ-ਪਿੰਨ ਮਾਰ ਕੇ ਹਵਾ ਕੱਢਣ ਤੋਂ ਬਾਅਦ ਪੈਕਟਾਂ ਨੂੰ ਆਪਣੀਆਂ ਲੱਤਾਂ ਨਾਲ ਬੰਨ੍ਹ ਰਿਹਾ ਸੀ। ਇੱਕ ਹੋਰ ਬਜ਼ੁਰਗ ਪੋਸਤ ਦੇ ਪੈਕਟਾਂ ਨੂੰ ਆਪਣੀ ਪੱਗ ਵਿੱਚ ਛੁਪਾ ਰਿਹਾ ਸੀ। 
 
 
ਇੱਕ ਅੱਧਖੜ ਚਾਦਰੇ ਵਾਲਾ ਅਮਲੀ ਗੋਡਿਆਂ ਤੋਂ ਉੱਪਰ ਆਪਣੀਆਂ ਲੱਤਾਂ ਨਾਲ ਪੈਕਟ ਪੈਕ ਕਰ ਰਿਹਾ ਸੀ। ਕਈ ਮੰਗਵੇਂ ਵਿਜ਼ਟਿੰਗ ਕਾਰਡਾਂ ਨਾਲ ਪੋਸਤ ਦਾ ਫੱਕਾ ਲਾ ਕੇ ਉੱਪਰੋਂ ਕਰਾਰੀ ਜਿਹੀ ਚਾਹ ਬਣਵਾ ਕੇ ਪੀ ਰਹੇ ਸਨ , ਇਸ ਕਾਰਵਾਈ ਨੂੰ ਅਮਲੀਆਂ ਦੀ ਭਾਸ਼ਾ 'ਚ ਪੱਤਾ ਲਾਉਣਾ ਕਹਿੰਦੇ ਹਨ। ਇਹ ਸਾਰੇ ਕਾਰਨਾਮੇ ਵੇਖ ਕੇ ਸਾਨੂੰ ਕਰਤਾਰ ਰਮਲਾ ਤੇ ਸੁਖਵੰਤ ਕੌਰ ਸੁੱਖੀ ਦਾ ਗੀਤ ਯਾਦ ਆ ਰਿਹਾ ਸੀ- ਕਰਤਾਰ ਰਮਲਾ ਗਾਉਂਦਾ - ''ਅਮਲੀ ਦੇ ਭਾਅ ਦਾ ਸਾਰਾ ਪਿੰਡ ਮਰ ਗਿਆ'' ਤਾਂ ਸੁਖਵੰਤ ਕੌਰ ਸੁੱਖੀ ਜੁਆਬ ਵਿੱਚ  ਕਹਿੰਦੀ ਹੈ- ''ਡੋਡਿਆਂ ਦੀ ਭੁੱਕੀ ਖਾ ਲੈ, ਚਾਹ ਦੀ ਘੁੱਟ ਨਾਲ''। 
        
 
 
 
 
 
 
 
 
 
 
  ਚਾਹ ਵਾਲੇ ਨਾਲ ਗੱਲ ਕਰਨ 'ਤੇ ਉਸ ਨੇ ਦੱਸਿਆ ਕਿ ਉਸ ਦਾ ਸਵੇਰ ਤੋਂ ਹੀ ਭਾਂਡਾ ਭੱਠੀ ਤੇ ਟਿਕ ਜਾਂਦਾ ਹੈ ਅਤੇ ਸ਼ਾਮ ਤੱਕ ਚੱਲ-ਸੋ-ਚੱਲ ਹੀ ਹੁੰਦਾ ਹੈ। ਇਹ ਚਾਹ ਦੇ ਤੰਬੂਆਂ ਵਾਲੇ ਚਾਹ ਦੇ ਨਾਲ ਨਾਲ ਪ੍ਰਚੂਨ ਵਿੱਚ ਭੁੱਕੀ ਵੇਚ ਕੇ ''ਸਾਈਡ ਬਿਜ਼ਨੈੱਸ'' ਵੀ ਕਰ ਰਹੇ ਸਨ। 
 
 
 
 ਉਹ ਦਸ ਰੁਪਏ ਦੀ ਛੋਟੀ ਜਿਹੀ ਪੁੜੀ ਕਾਗਜ਼ ਵਿੱਚ ਪੈੱਕ ਕਰਕੇ ਦੇ ਰਹੇ ਸਨ। ਪੁੜੀ ਖ਼ਰੀਦ ਰਹੇ ਇੱਕ ਨੌਜਵਾਨ ਤੋਂ ਜਦੋਂ ਪੁੱਛਿਆ ਕਿ ਇਹ ਪੁੜੀ ਵਾਲਾ ਸੌਦਾ ਠੇਕੇ 'ਤੇ ਖ਼ਰੀਦਣ ਨਾਲੋਂ ਮਹਿੰਗਾ ਹੋਣ ਦੇ ਬਾਵਜੂਦ ਉਹ ਪੁੜੀ ਕਿਉਂ ਖ਼ਰੀਦ ਰਿਹਾ ਹੈ ਤਾਂ ਉਸ ਨੇ ਜੋ ਜਵਾਬ ਦਿੱਤਾ ਉਹ ਹੈਰਾਨੀਜਨਕ ਸੀ, ਉਸ ਨੇ ਦੱਸਿਆ ਕਿ ਠੇਕੇ ਤੋਂ 80 ਰੁਪਏ ਵਿੱਚ ਲਈ ਸੌ ਗਰਾਮ ਦੀ ਪੁੜੀ ਮੱਲੋ-ਮੱਲੀ ਵੱਧ ਖਾਧੀ ਜਾਂਦੀ ਹੈ, ਹੁਣ ਇੱਕ ਵਾਰ ਉਹ ਪੁੜੀ ਨਾਲ ਹੀ ਡੰਗ ਸਾਰ ਲਵੇਗਾ। 
 
ਉਸ ਨੇ ਦੱਸਿਆ ਕਿ ਅਤਿ ਗਰੀਬ ਜਿਵੇਂ ਰਿਕਸ਼ਿਆਂ ਵਾਲੇ ਇੱਕ ਗੇੜਾ ਲਗਾ ਕੇ ਕੀਤੀ ਕਮਾਈ ਵਿੱਚੋਂ 10 ਰੁਪਏ ਵਾਲੀ ਪੁੜੀ ਖਾ ਉੱਤੋਂ ਦੀ ਤੇਜ਼ ਚਾਹ ਪੀ ਕੇ 'ਸਰੀਰ ਬਣਾ ਜਾਂਦੇ ਨੇ'। ਦੂਜੇ ਪਾਸੇ ਇੱਕ ਹੋਰ ਬਜ਼ੁਰਗ ਵੱਡੇ ਬਾਟੇ ਵਿੱਚ ਚੰਗਾ ਲੱਪ ਪੋਸਤ ਦਾ ਪਾਣੀ ਪਾ ਕੇ ਘੋਲ ਰਿਹਾ ਸੀ। ਉਸ ਨਾਲ ਗੱਲ ਕਰਨ 'ਤੇ ਉਸ ਨੇ ਦੱਸਿਆ ਕਿ ਉਸ ਨੂੰ 40 ਸਾਲਾਂ ਤੋਂ ਇਹ ਵੈਲ ਲੱਗਿਆ ਹੋਇਆ ਹੈ ਤੇ ਹੁਣ ਤਾਂ ਇਹ ਸਿਵਿਆਂ ਤੱਕ ਨਾਲ ਹੀ ਜਾਵੇਗਾ।
 
          ਬਠਿੰਡਾ ਤੋਂ ਹਰਿਆਣਾ ਦੀ ਹੱਦ ਪਾਰ ਕਰਕੇ 70 ਕਿਲੋਮੀਟਰ ਦੂਰ ਸਥਿਤ ਸੰਗਰੀਆ ਮੰਡੀ ਵਾਲਾ ਹਨੂੰਮਾਨਗੜ੍ਹ ਰੋਡ 'ਤੇ ਭੁੱਕੀ ਵਾਲੇ ਠੇਕੇ 'ਤੇ ਗੰਗਾਨਗਰ ਵਾਲੇ ਠੇਕੇ ਤੋਂ ਦੁੱਗਣੀਆਂ ਰੌਣਕਾਂ ਨਜ਼ਰ ਆਈਆਂ। ਇਸ ਠੇਕੇ 'ਤੇ ਪੋਸਤ ਦੀ ਐਨੀ ਵਿਕਰੀ ਹੈ ਕਿ ਕਰਿੰਦੇ ਮੁਸ਼ਕਲ ਨਾਲ ਨੋਟ ਸਾਂਭ ਰਹੇ ਸਨ। ਠੇਕੇ ਦੇ ਨਜ਼ਦੀਕ ਹੀ ਚਾਹ ਵਾਲੀਆਂ ਆਰਜ਼ੀ ਦੁਕਾਨਾਂ 'ਤੇ ਗੰਗਾਨਗਰ ਵਾਲਾ ਦ੍ਰਿਸ਼ ਸੀ। ਇੱਥੇ ਵੱਧ ਭੀੜਾਂ ਬਾਰੇ ਗੱਲ ਕਰਨ 'ਤੇ ਅਮਲੀਆਂ ਨੇ ਦੱਸਿਆ ਕਿ ਇਹ ਠੇਕੇ ਪੰਜਾਬ ਦੇ ਵੱਧ ਨੇੜੇ ਨੇ ਅਤੇ ਰਾਹ ਵੀ ਸੌਖਾ ਹੈ। 
 
 ਅਮਲੀਆਂ ਨੇ ਦੱਸਿਆ ਕਿ ਕਿੱਲੋ ਜਾਂ ਇਸ ਤੋਂ ਘੱਟ ਭੁੱਕੀ ਤਾਂ ਉਹ ਸਿੱਧੀ ਹੀ ਬੱਸ 'ਤੇ ਲੈ ਜਾਂਦੇ ਨੇ, ਇੰਨੀ ਕੁ ਤਾਂ ਪੁਲਿਸ ਵਾਲੇ ਰੋਕਦੇ ਹੀ ਨਹੀਂ ਜੇ ਰੋਕਣ ਤਾਂ ਮਾਲ ਅੱਧੋ ਅੱਧ ਹੋ ਜਾਂਦਾ ਹੈ। ਭੁੱਕੀ ਕਾਰਣ ਹੱਡੀਆਂ ਦੀ ਮੁੱਠ ਬਣ ਚੁੱਕੇ ਬਠਿੰਡਾ ਜ਼ਿਲ੍ਹੇ ਦੇ ਇੱਕ ਪਿੰਡ ਦੇ ਮਜ਼ਦੂਰ ਅਮਲੀ ਨਾਲ ਗੱਲ ਕਰਨ 'ਤੇ ਉਸ ਨੇ ਦੱਸਿਆ ਕਿ ਉਹ ਇੱਕ ਮਹੀਨੇ ਵਿੱਚ ਦੀ ਦੋ ਤੋਂ ਤਿੰਨ ਗੇੜੇ ਪੋਸਤ ਦੇ ਲਗਾਉਂਦਾ ਹੈ ਅਤੇ ਉਹ ਤਿੰਨ ਕਿਲੋ ਪ੍ਰਤੀ ਮਹੀਨਾ ਪੋਸਤ ਖਾ ਜਾਂਦਾ ਹੈ, ਇੱਥੋਂ ਭੁੱਕੀ ਲੈ ਕੇ ਜਾਣ ਦਾ ਉਸ ਦਾ ਖ਼ਰਚਾ 2400 ਪ੍ਰਤੀ ਮਹੀਨਾ (ਪ੍ਰਤੀ ਕਿੱਲੋ ਪੋਸਤ 800 ਰੁਪਏ) ਹੈ, ਜਦੋਂ ਕਿ ਪੰਜਾਬ ਵਿੱਚੋਂ ਉਸ ਨੂੰ 13 ਸੌ ਰੁਪਏ ਪ੍ਰਤੀ ਕਿੱਲੋ ਪੋਸਤ ਮਿਲਦਾ ਹੈ ਜਿਸ 'ਤੇ ਉਸ ਦਾ 3900 ਸੌ ਰੁਪਏ ਪ੍ਰਤੀ ਮਹੀਨਾ ਖ਼ਰਚ ਆਵੇਗਾ।
 
 ਕੁਝ ਮੋਟੀ ਭੁੱਕੀ ਵਾਲੇ ਗਰੀਬ ਅਮਲੀ ਜੋ ਕੁਝ ਹਿੱਸਾ ਵੇਚ ਕੇ ਆਪਣਾ ਖ਼ਰਚ ਵੀ ਕੱਢਦੇ ਹਨ, ਉਹਨਾਂ ਦੀ ਇਸ ''ਸੰਘਰਸ਼ਮਈ ਜ਼ਿੰਦਗੀ'' ਦੀ ਦਾਸਤਾਨ ਕਾਫੀ ਦੁਖਦਾਇਕ ਹੈ। ਉਹਨਾਂ ਦੱਸਿਆ ਕਿ ਉਹ ਸੰਗਰੀਆ ਮੰਡੀ ਤੋਂ ਚਟਾਲ ਪਿੰਡ ਰਾਜਸਥਾਨ ਦੇ ਪਿਛਲੇ ਪਾਸੇ ਤੱਕ ਤਾਂ ਬੱਸ 'ਤੇ ਚਲੇ ਜਾਂਦੇ ਹਨ ਅਤੇ ਫਿਰ ਹਰਿਆਣਾ ਅਤੇ ਰਾਜਸਥਾਨ ਦਾ ਸਾਰਾ ਸਫ਼ਰ ਤੁਰ ਕੇ ਹੀ ਤੈਅ ਕਰਦੇ ਹਨ। 5 ਤੋਂ 7 ਕਿੱਲੋ ਪੋਸਤ ਲੈ ਕੇ ਆਉਣ ਵਾਲੇ ਅਮਲੀਆਂ ਨੇ ਆਪਣੇ ਰੋਣੇ ਰੋਂਦਿਆਂ ਦੱਸਿਆ ਕਿ ਉਹ ਰਾਤਾਂ ਦੇ ਰਾਹੀ ਨੇ ਤੇ 48 ਘੰਟੇ ਤੁਰ ਕੇ ਇਹ ਪੈਂਡਾ ਮੁਕਾਉਂਦੇ ਨੇ। 
 
ਉਹ ਦਿਨੇ ਕਿਸੇ ਦਰੱਖ਼ਤ ਦੀ ਓਟ ਲੈ ਕੇ ਬੈਠ ਜਾਂਦੇ ਨੇ ਅਤੇ ਰਾਤ ਹੁੰਦਿਆਂ ਹੀ ਚੱਲ ਪੈਂਦੇ ਨੇ। ਤੁਰ ਕੇ ਜਾਣ ਵਾਲੇ ਅਮਲੀ ਦੱਸਦੇ ਨੇ ਕਿ ਹਰਿਆਣਾ ਦੀ ਹੱਦ 'ਤੇ ਪੈਂਦੀ ਅਬੂਬ ਸ਼ਹਿਰ ਵਾਲੀ ਨਹਿਰ ਦਾ ਪੁਲ ਲੰਘ ਕੇ ਉਹ ਖੇਤਾਂ ਵਿੱਚੋਂ ਦੀ ਪੈਂਡਾ ਮੱਲ ਲੈਂਦੇ ਨੇ ਅਤੇ ਰਾਤ ਨੂੰ ਗੁਰਦੁਆਰਾ ਸਾਹਿਬ ਦੇ ਨਿਸ਼ਾਨ ਸਾਹਿਬ 'ਤੇ ਜਗਦੇ ਬਲਬਾਂ ਦੀ ਸੇਧ ਹੋ ਕੇ ਤੁਰਦੇ ਰਹਿੰਦੇ ਨੇ, ਹੁਣ ਤਾਂ ਉਹ ਪੈਂਡੇ ਦੇ ਵੀ ਜਾਣੂ ਹੋ ਗਏ ਨੇ। 
 
ਉਹਨਾਂ ਨੇ ਇਸ ਕਾਰਜ ਨੂੰ ਬੜਾ 'ਹਿੰਮਤ ਭਰਿਆ ਤੇ ਔਕੜਾਂ ਭਰਿਆ'  ਦੱਸਿਆ ਕਿ ਪੂਰੀ ਰਾਤ ਤੁਰਨ ਕਰਕੇ ਸਾਡੇ ਪੈਰ ਬੁਰੀ ਤਰ੍ਹਾਂ ਸੁੱਜ ਜਾਂਦੇ ਨੇ, ਕਣਕ ਦੀ ਵਾਢੀ ਤੋਂ ਮਗਰੋਂ ਖੇਤਾਂ ਵਿੱਚ ਖੜ੍ਹੇ ਕਣਕ ਦੇ ਕਰਚੇ ਉਹਨਾਂ ਦੇ ਗਿੱਟਿਆਂ ਅਤੇ ਪੈਰਾਂ ਨੂੰ ਜ਼ਖ਼ਮੀ ਕਰ ਦਿੰਦੇ ਨੇ। 
 
ਉਹਨਾਂ ਦੱਸਿਆ ਕਿ ਸਭ ਤੋਂ ਮਾੜੀ ਹਾਲਤ ਤੇਹ ਲੱਗਣ ਕਰਕੇ ਹੁੰਦੀ ਹੈ ਕਿਉਂਕਿ ਭੁੱਕੀ ਖ਼ੁਸ਼ਕ ਹੋਣ ਕਰਕੇ ਜ਼ਬਾਨ ਹਲਕ ਨੂੰ ਜਾ ਲਗਦੀ ਹੈ, ਪਰ ਪਾਣੀ ਨਹੀਂ ਮਿਲਦਾ। ਭਾਰਤੀ ਕਿਸਾਨ ਯੂਨੀਅਨ ਡਕੌਂਦਾ ਦੇ ਆਗੂ ਰਾਜਮਹਿੰਦਰ ਸਿੰਘ ਦਾ ਕਹਿਣਾ ਹੈ ਕਿ ਪੰਜਾਬ ਦੇ ਹੋਰਨਾਂ ਇਲਾਕਿਆਂ ਨਾਲੋਂ ਮਾਲਵੇ ਦੇ ਲੋਕ ਵੱਧ ਭੁੱਕੀ ਦੀ ਵਰਤੋਂ ਕਰਦੇ ਹਨ ਅਤੇ ਇਸ ਕਰਕੇ ਕਿਸਾਨ ਜਾਂ ਹੋਰ ਸੰਘਰਸ਼ਾਂ ਵੇਲੇ ਉਹ ਜੇਲ ਜਾਣ ਤੋਂ ਕੰਨੀ ਕਤਰਾਅ ਜਾਂਦੇ ਨੇ ਕਿ ਜੇਲ੍ਹ ਵਿੱਚ ਬਿਨਾ ਨਸ਼ੇ ਦੇ ਵੇਲਾ ਕਿਵੇਂ ਬਿਤਾਉਣਗੇ। 
 
 
          ਨਸ਼ਾ ਕੋਈ ਵੀ ਹੈ ਉਹ ਪੰਜਾਬ ਨੂੰ ਅੰਦਰੇ ਅੰਦਰ ਦਿਨ ਬ ਦਿਨ ਘੁਣ ਵਾਂਗ ਖਾ ਰਿਹਾ ਹੈ, ਪਰ ਕਿਸੇ ਵੀ ਸਿਆਸੀ ਧਿਰ ਨੂੰ ਜਾਂ ਸਮਾਜ ਪ੍ਰਤੀ ਫਿਕਰਮੰਦੀ ਜ਼ਾਹਰ ਕਰਦੀਆਂ ਸੰਸਥਾਵਾਂ (ਸਮੇਤ ਧਾਰਮਿਕ ਸੰਸਥਾਵਾਂ ਦੇ) ਨੂੰ ਇਸ ਦੀ ਕੋਈ ਚਿੰਤਾ ਨਹੀਂ, ਨਸ਼ਾ ਮੁਕਤੀ ਮੋਰਚੇ ਲਾ ਕੇ ਇੱਕ ਦੋ ਆਗੂਆਂ ਵਲੋਂ ਬਿਆਨਬਾਜ਼ੀ ਤੱਕ ਹੀ ਸਾਰਾ ਸੰਘਰਸ਼ ਸੀਮਤ ਹੈ। ਇਸ ਨੂੰ ਸਿਸਟਮ ਦੀ ਅਫਲਤਾ ਵੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਸਿਸਟਮ ਨੇ ਤਾਂ ਖੁਦ ਨਸ਼ਾ ਮਾਫੀਆ ਨੂੰ ਘਨੇੜੇ ਚਾੜ੍ਹਿਆ ਹੋਇਆ ਹੈ। (ਤਸਵੀਰਾਂ ਬਲਜਿੰਦਰ ਜਿੰਦ)
 
 
source : - observeplus.blogspot.com

ਜੇ ਰਹਿਣਾ ਹੈ ਤੰਦਰੁਸਤ…ਸੁੱਖ-ਸਹੂਲਤਾਂ ਭਰੇ ਜੀਵਨ ਨਾਲ ਅਸੀਂ ਸਰੀਰ ਦੀ ਕੁਦਰਤੀ ਅਤੇ ਸੁਭਾਵਿਕ ਸ਼ਕਤੀ ਗੁਆ ਬੈਠਦੇ ਹਾਂ। ਅੱਜ ਅਸੀਂ ਉਚਿਤ ਖ਼ੁਰਾਕ, ਕਸਰਤ ਅਤੇ ਵਿਹਾਰ ਨਹੀਂ ਅਪਣਾ ਰਹੇ ਜਿਸ ਕਾਰਨ ਸਰੀਰ ਦੀ ਸੁਭਾਵਿਕ ਸ਼ਕਤੀ, ਸਮਰੱਥਾ, ਚੁਸਤੀ-ਫੁਰਤੀ ਤੇ ਰੋਗਾਂ ਨਾਲ ਲੜਨ ਦੀ ਸਮਰੱਥਾ ਘਟਣ ਲੱਗ ਪਈ ਹੈ। ਤੰਦਰੁਸਤ ਅਤੇ ਰੋਗਰਹਿਤ ਰਹਿਣ ਲਈ ਸਾਨੂੰ ਸਰੀਰਕ ਮਿਹਨਤ ਅਤੇ ਦਿਨ ਦਾ ਵਿਹਾਰ ਪੂਰੇ ਨੇਮ ਨਾਲ ਕਰਨਾ ਚਾਹੀਦਾ ਹੈ। 

ਦਵਾਈਆਂ ਨਾਲ ਕੁਝ ਸਮੇਂ ਲਈ ਤਾਂ ਰੋਗ ’ਤੇ ਕਾਬੂ ਪਾਇਆ ਜਾ ਸਕਦਾ ਹੈ ਪਰ ਇਸ ਦਾ ਸਥਾਈ ਹੱਲ ਇਹ ਹੈ ਕਿ ਕੁਦਰਤੀ ਸਾਧਨਾਂ ਸਦਕਾ ਸਿਹਤ ਬਣੀ ਰਹੇ ਤੇ ਰੋਗ ਨੇੜੇ ਨਾ ਢੁਕੇ। ਤੰਦਰੁਸਤ ਰਹਿਣ ਲਈ ਜੇਕਰ ਇਨ੍ਹਾਂ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਸਰੀਰ ਤੰਦਰੁਸਤ ਅਤੇ ਰੋਗਰਹਿਤ ਬਣਿਆ ਰਹੇਗਾ:
* ਸਵੇਰੇ ਸੂਰਜ ਨਿਕਲਣ ਤੋਂ ਪਹਿਲਾਂ ਬਿਸਤਰਾ ਛੱਡ ਦੇਣਾ ਚਾਹੀਦਾ ਹੈ।
ਇਹ ਚੰਗੀ ਆਦਤ ਹੈ ਅਤੇ ਸਰੀਰ ਲਈ ਬਹੁਤ ਲਾਭਦਾਇਕ ਵੀ ਹੈ। ਇਸ ਨਾਲ ਸਰੀਰ ਵਿੱਚ ਤਾਜ਼ਗੀ ਅਤੇ ਚੁਸਤੀ ਆਉਂਦੀ ਹੈ ਤੇ ਆਲਸ ਨੇੜੇ ਨਹੀਂ ਢੁਕਦੀ।
* ਸਵੇਰੇ ਉੱਠ ਕੇ ਕਦੇ ਵੀ ਖਾਲੀ ਪੇਟ ਚਾਹ ਜਾਂ ਕੌਫੀ ਨਹੀਂ ਪੀਣੀ ਚਾਹੀਦੀ। ‘ਬੈੱਡ-ਟੀ’ ਦੀ ਆਦਤ ਸਿਹਤ ਲਈ ਖ਼ਤਰਨਾਕ ਹੈ। ਇਸ ਨਾਲ ਮੂੰਹ ਦੀ ਗੰਦਗੀ ਸਰੀਰ ਵਿੱਚ ਪਹੁੰਚ ਕੇ ਕਈ ਰੋਗਾਂ ਨੂੰ ਜਨਮ ਦਿੰਦੀ ਹੈ।
* ਸਵੇਰੇ ਉੱਠ ਕੇ ਜਦੋਂ ਤਕ ਦਾਤਣ, ਕੁਰਲੀ ਜਾਂ ਦੰਦ ਸਾਫ਼ ਨਾ ਕਰ ਲਏ ਜਾਣ, ਉਦੋਂ ਤਕ ਚਾਹ ਜਾਂ ਹੋਰ ਪੇਅ ਨਹੀਂ ਲੈਣਾ ਚਾਹੀਦਾ। ਮੂੰਹ ਸਾਫ਼ ਕਰ ਕੇ ਸਭ ਤੋਂ ਪਹਿਲਾਂ ਇੱਕ ਗਿਲਾਸ ਪਾਣੀ ਪੀਣਾ ਗੁਣਕਾਰੀ ਹੈ। ਠੰਢਾ ਪਾਣੀ ਰਾਤ ਨੂੰ ਸੌਣ ਦੌਰਾਨ ਹੋਈ ਖੁਸ਼ਕੀ ਨੂੰ ਸ਼ਾਂਤ ਕਰ ਕੇ ਪੇਟ ਨੂੰ ਸਾਫ਼ ਕਰਨ ਵਿੱਚ ਸਹਾਇਤਾ ਕਰਦਾ ਹੈ। ਅੱਖਾਂ ਨੂੰ ਠੰਡਕ ਅਤੇ ਤਾਜ਼ਗੀ ਮਿਲਦੀ ਹੈ ਅਤੇ ਕਬਜ਼ ਦੂਰ ਹੁੰਦੀ ਹੈ।
* ਸਵੇਰੇ ਉੱਠ ਕੇ ਘੱਟੋ-ਘੱਟ ਅੱਧੇ ਘੰਟੇ ਤਕ ਹਲਕੀ-ਫੁਲਕੀ ਕਸਰਤ ਕਰੋ। ਇਸ ਵਾਸਤੇ ਇੱਕ ਹੀ ਥਾਂ ’ਤੇ ਦੌੜਨਾ, ਉਛਲਣਾ, ਕਮਰ ਨੂੰ ਸੱਜੇ/ਖੱਬੇ ਮੋੜਨਾ, ਰੱਸੀ ਟੱਪਣਾ, ਲੰਮੇ ਤੇ ਡੂੰਘੇ ਸਾਹ ਲੈਣੇ, ਹੱਥਾਂ ਨੂੰ ਸੱਜੇ-ਖੱਬੇ, ਹੇਠਾਂ-ਉਪਰ ਤੇ ਅੱਗੇ-ਪਿੱਛੇ ਹਿਲਾਉਣਾ ਆਦਿ ਕਸਰਤਾਂ ਕੀਤੀਆਂ ਜਾ ਸਕਦੀਆਂ ਹਨ। ਇਸ ਨਾਲ ਸਰੀਰ ਦੀਆਂ ਮਾਸਪੇਸ਼ੀਆਂ ਸ਼ਕਤੀਸ਼ਾਲੀ ਅਤੇ ਲਚਕਦਾਰ ਹੁੰਦੀਆਂ ਹਨ ਤੇ ਖ਼ੂਨ ਦਾ ਦੌਰਾ ਵੀ ਠੀਕ ਬਣਿਆ ਰਹਿੰਦਾ ਹੈ।
* ਹਰ ਰੋਜ਼ ਸਵੇਰੇ ਇਸ਼ਨਾਨ ਜ਼ਰੂਰ ਕਰੋ। ਇਸ਼ਨਾਨ ਸਫ਼ਾਈ ਅਤੇ ਤੰਦਰੁਸਤੀ ਦੇ ਲਿਹਾਜ਼ ਨਾਲ ਬਹੁਤ ਜ਼ਰੂਰੀ ਹੈ।  ਕਦੇ-ਕਦੇ ਨਹਾਉਣ ਵਾਲੇ ਪਾਣੀ ਵਿੱਚ ਡੈਟੋਲ, ਨਿੰਬੂ ਦੀਆਂ ਬੂੰਦਾਂ ਪਾ ਕੇ ਇਸ਼ਨਾਨ ਕਰੋ। ਇਸ ਨਾਲ ਸਰੀਰ ਤਰੋਤਾਜ਼ਾ ਰਹਿੰਦਾ ਹੈ।
* ਕਦੇ ਵੀ ਜ਼ਿਆਦਾ ਗਰਮ ਪਾਣੀ ਨਾਲ ਇਸ਼ਨਾਨ ਨਹੀਂ ਕਰਨਾ ਚਾਹੀਦਾ। ਇਸ ਨਾਲ ਸਰੀਰ ਦੀਆਂ ਨਾੜੀਆਂ ਅਤੇ ਜੋੜ ਕਮਜ਼ੋਰ ਪੈ ਜਾਂਦੇ ਹਨ।
* ਭੋਜਨ ਹਮੇਸ਼ਾਂ ਹਲਕਾ ਅਤੇ ਪੌਸ਼ਟਿਕ ਹੋਵੇ। ਕਦੇ-ਕਦਾਈਂ ਮੂੰਹ ਦਾ ਸਵਾਦ ਬਦਲਣ ਲਈ ਤਲਿਆ ਜਾਂ ਭੁਜਿਆ ਹੋਇਆ ਭੋਜਨ ਵੀ ਲਿਆ ਜਾ ਸਕਦਾ ਹੈ।
* ਭੋਜਨ ਭੁੱਖ ਰੱਖ ਕੇ ਖਾਓ। ਭੋਜਨ ਕਰਨ ਤੋਂ ਬਾਅਦ ਤੁਹਾਨੂੰ ਇੰਜ ਲੱਗੇ ਕਿ ਜਿਵੇਂ ਥੋੜ੍ਹਾ ਹੋਰ ਖਾਧਾ ਜਾ ਸਕਦਾ ਹੈ। ਭੋਜਨ ਵਿੱਚ ਹਰੀਆਂ ਸਬਜ਼ੀਆਂ, ਕੋਈ ਫ਼ਲ, ਦਾਲਾਂ, ਚਾਵਲ, ਘਿਓ/ਦੁੱਧ ਜਾਂ ਮੱਖਣ, ਦਹੀਂ ਸਹੀ ਅਨੁਪਾਤ ਵਿੱਚ ਲਓ।
* ਦਿਨ ਵਿੱਚ ਦੋ ਵਾਰ ਭੋਜਨ ਕਰਨ ਦੀ ਆਦਤ ਪਾਓ। ਜਦੋਂ ਭੋਜਨ ਕਰੋ ਤਾਂ ਮਨ ਸ਼ਾਂਤ ਅਤੇ ਪ੍ਰਸੰਨ ਹੋਣਾ ਚਾਹੀਦਾ ਹੈ।
* ਭੋਜਨ ਨੂੰ ਇੰਨਾ ਪਕਾ ਕੇ ਨਾ ਖਾਓ ਕਿ ਇਸ ਦੇ ਵਿਟਾਮਿਨ ਅਤੇ ਦੂਜੇ ਤੱਤ ਨਸ਼ਟ ਹੋ ਜਾਣ।
* ਦਿਨ ਵਿੱਚ ਥੋੜ੍ਹਾ ਸਮਾਂ ਮਨੋਰੰਜਨ ਲਈ ਵੀ ਕੱਢੋ। ਇਸ ਨਾਲ ਦਿਨ ਭਰ ਦਾ ਥਕੇਵਾਂ, ਤਣਾਅ, ਚਿੰਤਾ ਅਤੇ ਸੁਸਤੀ ਦੂਰ ਹੋ ਜਾਂਦੀ ਹੈ। ਮਨੋਰੰਜਨ ਦਿਮਾਗ ਨੂੰ ਆਰਾਮ ਅਤੇ ਸ਼ਾਂਤੀ ਦਿੰਦਾ ਹੈ, ਨਾਲ ਹੀ ਅੱਗੋਂ ਹੋਰ ਕੰਮ ਕਰਨ ਲਈ ਦਿਮਾਗ ਅਤੇ ਸਰੀਰ ਨੂੰ ਨਵੀਂ ਤਾਜ਼ਗੀ ਅਤੇ ਸ਼ਕਤੀ ਮਿਲਦੀ ਹੈ।

* ਦਿਨ ਭਰ ਦੇ ਕੰਮ-ਕਾਰ ਤੋਂ ਬਾਅਦ ਸਰੀਰ ਨੂੰ ਆਰਾਮ ਦੇਣ ਲਈ ਕੁਝ ਸਮੇਂ ਲਈ ਹੱਥ-ਪੈਰ ਢਿੱਲੇ ਛੱਡ ਕੇ ਅੱਖਾਂ ਬੰਦ ਕਰਕੇ ਲੇਟ ਜਾਓ।
* ਹਮੇਸ਼ਾਂ ਖ਼ੁਸ਼ ਰਹੋ ਅਤੇ ਚੰਗੇ ਵਿਚਾਰਾਂ ਦਾ ਵਟਾਂਦਰਾ ਕਰੋ।
* ਨਸ਼ੀਲੇ ਪਦਾਰਥਾਂ ਦੀ ਵਰਤੋਂ ਤੋਂ ਬਚੋ।
* ਚਾਹ ਜਾਂ ਕੌਫੀ ਦਾ ਜ਼ਿਆਦਾ ਸੇਵਨ ਨਾ ਕਰੋ।
* ਚੰਗੇ ਸਾਹਿਤ ਦਾ ਅਧਿਐਨ ਕਰੋ।

ਜੇਕਰ ਇਨ੍ਹਾਂ ਨਿਯਮਾਂ ਦਾ ਪਾਲਣ ਕੀਤਾ ਜਾਵੇ ਤਾਂ ਲੰਮੀ ਦੇਰ ਤਕ ਸਿਹਤਮੰਦ ਰਿਹਾ ਜਾ ਸਕਦਾ ਹੈ।

ਸੁਖਮੰਦਰ ਸਿੰਘ ਤੂਰ

ਥਕਾਵਟ ਕਿਵੇਂ ਦੂਰ ਕਰੀਏ!ਅੱਜ ਦੇ ਸਮੇਂ ਵਿੱਚ ਹਰ ਇਨਸਾਨ ਦੀ ਜ਼ਿੰਦਗੀ ਪ੍ਰੇਸ਼ਾਨੀਆਂ, ਬੋਝ, ਮਿਹਨਤ ਅਤੇ ਤਣਾਅ ਵਾਲੀ ਹੋ ਗਈ ਹੈ। ਇਸੇ ਕਾਰਨ ਕੰਮ-ਕਾਰ ਦੇ ਦੌਰਾਨ, ਪਹਿਲਾਂ ਜਾਂ ਬਾਅਦ ਵਿੱਚ ਹਰ ਕਿਸੇ ਨੂੰ ਹੀ ਥਕਾਵਟ ਹੋ ਜਾਂਦੀ ਹੈ। ਜਿਹੜੇ ਘਰਾਂ ਵਿੱਚ ਪਤੀ ਜਾਂ ਪਤਨੀ ਦੋਵੇਂ ਕੰਮ ਕਰਨ ਲਈ ਘਰੋਂ ਬਾਹਰ ਜਾਂਦੇ ਹੋਣ, ਉਦੋਂ ਖ਼ਾਸ ਕਰਕੇ ਔਰਤਾਂ ਨੂੰ ਦੁੱਗਣੀ ਥਕਾਵਟ ਮਹਿਸੂਸ ਹੁੰਦੀ ਹੈ ਜਿਸਨੂੰ ਉਹ ਕੁਝ ਦੇਰ ਅਰਾਮ ਕਰ ਕੇ ਦੂਰ ਕਰਨ ਦਾ ਯਤਨ ਕਰਦੀਆਂ ਹਨ। 

ਥਕਾਵਟ ਹੋ ਜਾਣ ’ਤੇ ਅਕਸਰ ਸਾਡਾ ਕਿਸੇ ਵੀ ਕੰਮ ਵਿੱਚ ਮਨ ਨਹੀਂ ਲੱਗਦਾ। ਜਿਹੜਾ ਕੰਮ ਸਾਡੇ ਹੱਥ ਵਿੱਚ ਹੋਵੇ, ਉਹ ਵੀ ਅਸੀਂ ਸਹੀ ਢੰਗ ਨਾਲ ਨਹੀਂ ਕਰ ਪਾਉਂਦੇ। ਕਿਸੇ ਇਨਸਾਨ ਨੂੰ ਸਾਰਾ ਦਿਨ ਬੈਠ ਕੇ ਕੰਮ ਕਰਨਾ ਪੈਂਦਾ ਹੈ ਜਾਂ ਕਿਸੇ ਨੂੰ ਖੜ੍ਹ ਹੋ ਕੇ ਕੰਮ ਕਰਨਾ ਪੈਂਦਾ ਹੈ।

 ਜਿਸ ਦੀ ਡਿਊਟੀ ਫੀਲਡ ਵਿੱਚ ਹੈ, ਉਸ ਨੂੰ ਸਾਰੇ ਦਿਨ ਦਾ ਤੋਰਾ-ਫੇਰਾ ਥਕਾਵਟ ਦੇ ਦਿੰਦਾ ਹੈ। ਕਿਸੇ ਨੂੰ ਸਰੀਰਕ ਮਿਹਨਤ ਕਰਨੀ ਪੈਂਦੀ ਹੈ ਅਤੇ ਕਿਸੇ ਨੂੰ ਦਿਮਾਗੀ ਮਿਹਨਤੇ। ਕਿਸੇ ਨੂੰ ਸੁਰੱਖਿਆ ਅਤੇ ਨਿਗਰਾਨੀ ਵਾਲਾ ਮਿਹਨਤੀ ਕੰਮ ਕਰਨਾ ਪੈਂਦਾ ਹੈ ਅਤੇ ਕਿਸੇ ਨੂੰ ਕੁਝ ਹਲਕਾ-ਫੁਲਕਾ ਕੰਮ ਪਰ ਇਹ ਸੱਚ ਹੈ ਕਿ ਕੰਮ ਘੱਟ ਹੋਵੇ ਜਾਂ ਵੱਧ, ਥਕਾਵਟ ਸਭ ਨੂੰ ਹੁੰਦੀ ਹੈ।

ਜੇਕਰ ਚੰਗੀ ਅਤੇ ਡੂੰਘੀ ਨੀਂਦ ਦੇ ਨਾਲ ਸਰੀਰ ਨੂੰ ਭਰਪੂਰ ਅਰਾਮ ਨਾ ਮਿਲੇ ਤਾਂ ਤੁਹਾਡਾ ਅਗਲਾ ਦਿਨ ਕਿਹੋ ਜਿਹਾ ਲੰਘੇਗਾ? ਯਕੀਨਨ, ਥਕਾਵਟ ਨਾਲ ਚੂਰ ਭਾਰੀ ਸਿਰ ਨਾਲ ਉਨੀਂਦਰੇ ਵਿੱਚ ਤੁਸੀਂ ਵਧੀਆ ਮਹਿਸੂਸ ਨਹੀਂ ਕਰ ਸਕਦੇ। 

ਅਜਿਹੀਆਂ ਹਾਲਤਾਂ ਵਿੱਚ ਇਨਸਾਨ ਦਰਦ-ਨਿਵਾਰਕ ਗੋਲੀਆਂ/ਦਵਾਈਆਂ ਦਾ ਸਹਾਰਾ ਲੈਣ ਲੱਗ ਜਾਂਦਾ ਹੈ। ਕੁਝ ਲੋਕ ਸ਼ਰਾਬ ਜਾਂ ਕਿਸੇ ਵੀ ਤਰ੍ਹਾਂ ਦੇ ਹੋਰ ਨਸ਼ੇ ਦਾ ਸਹਾਰਾ ਲੈਣ ਲੱਗ ਜਾਂਦੇ ਹਨ। ਆਮ ਤੌਰ ’ਤੇ ਦੇਖਿਆ ਗਿਆ ਹੈ ਕਿ ਸ਼ੁਰੂ-ਸ਼ੁਰੂ ਵਿੱਚ ਲਈਆਂ ਅਜਿਹੀਆਂ ਚੀਜ਼ਾਂ ਦੇ ਬਾਅਦ ਵਿੱਚ ਵਿਅਕਤੀ ਪੱਕੇ ਆਦੀ ਹੀ ਹੋ ਜਾਂਦੇ ਹਨ ਜਿਸ ਨਾਲ ਸਰੀਰਕ ਤੇ ਮਾਨਸਿਕ ਤੌਰ ’ਤੇ ਮਨੁੱਖ ਕਮਜ਼ੋਰ ਹੋ ਜਾਂਦਾ ਹੈ।

ਥਕਾਵਟ ਤੋਂ ਬਚਣ ਦਾ ਇੱਕ ਬਹੁਤ  ਹੀ ਆਸਾਨ ਅਤੇ ਵਧੀਆ ਨੁਸਖਾ ਹੈ- ਹਮੇਸ਼ਾਂ ਖ਼ੁਸ਼ ਰਹੋ ਤੇ ਆਪਣੇ ਵਿਚਾਰਾਂ ਨੂੰ ਸਕਾਰਾਤਮਕ ਰੱਖੋ। ਹਮੇਸ਼ਾਂ ਚੰਗੇ ਸਮੇਂ ਅਤੇ ਚੰਗੇ ਕੰਮਾਂ ਨੂੰ ਆਪਣੇ ਦੁਆਲੇ ਘਟਦਿਆਂ ਮਹਿਸੂਸ ਕਰੋ। 

ਬੀਤੇ ਸਮੇਂ ਦੀਆਂ ਚੰਗੀਆਂ ਗੱਲਾਂ ਨੂੰ ਯਾਦ ਕਰ ਕੇ ਮੁਸਕਰਾਉਣਾ, ਹਮੇਸ਼ਾਂ ਖ਼ੁਸ਼ ਰਹਿਣਾ, ਖੁੱਲ੍ਹ ਕੇ ਹੱਸਣਾ, ਆਪ ਵੀ ਹੱਸਣਾ ਅਤੇ ਹੋਰਾਂ ਨੂੰ ਵੀ ਹਸਾਉਣ ਦਾ ਗੁਣ ਅਪਣਾਓ। ਅਜਿਹਾ ਕਰਨ ਨਾਲ ਥਕਾਵਟ ਘਟਦੀ ਵੀ ਹੈ ਅਤੇ ਖ਼ਤਮ ਵੀ ਹੁੰਦੀ ਹੈ। ਇਸ ਤੋਂ ਬਿਨਾਂ ਜ਼ਿੰਦਗੀ ਭਰ ਦੇ ਦੁੱਖਾਂ, ਦੁਨੀਆਂ ਭਰ ਦੀਆਂ ਦਿਮਾਗ ’ਤੇ ਬੋਝ ਵਾਂਗ ਪਈਆਂ ਪ੍ਰੇਸ਼ਾਨੀਆਂ ਨੂੰ ਵੀ ਅਸਾਨੀ ਨਾਲ ਖ਼ਤਮ ਕੀਤਾ ਜਾ ਸਕਦਾ ਹੈ। 

ਹਰ ਸਮੇਂ ਗੁੱਸੇ ਵਿੱਚ ਰਹਿਣ ਵਾਲੇ, ਮਨ ਵਿੱਚ ਇੱਕ-ਦੂਜੇ ਦਾ ਵੈਰ-ਵਿਰੋਧ ਰੱਖਣ ਵਾਲੇ, ਹਰ ਸਮੇਂ ਬੁੜ-ਬੁੜ ਕਰਨ ਵਾਲੇ, ਕਿਸੇ ਲਈ ਪ੍ਰੇਸ਼ਾਨੀਆਂ ਦਾ ਜਾਲ ਬੁਣ ਕੇ ਉਸ ਵਿੱਚ ਹੋਰਾਂ ਨੂੰ ਫਸਾਉਣ ਦੀ ਖੋਜ ਕਰਨ ਵਾਲੇ, ਹੋਰਾਂ ਦੀਆਂ ਘਾਟਾਂ ’ਤੇ ਨੁਕਤਾਚੀਨੀ ਕਰਨ ਵਾਲੇ ਆਮ ਤੌਰ ’ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰਦੇ ਹਨ ਤੇ ਦਿਮਾਗੀ ਥਕਾਵਟ ਨੂੰ ਸੱਦਾ ਵੀ ਦਿੰਦੇ ਹਨ। 

ਚੰਗੀ ਗੱਲ ਤਾਂ ਇਹ ਹੈ ਕਿ ਖ਼ੁਦ ਵੀ ਖ਼ੁਸ਼ ਰਹੋ ਅਤੇ ਹੋਰਾਂ ਨੂੰ ਵੀ ਖ਼ੁਸ਼ ਰੱਖੋ। ਅਜਿਹਾ  ਕਿਹੜਾ ਵਿਅਕਤੀ ਹੈ, ਜਿਸਦੀ ਜ਼ਿੰਦਗੀ ਵਿੱਚ ਸਮੱਸਿਆਵਾਂ ਨਾ ਆਈਆਂ ਹੋਣ ਅਤੇ ਜਾਂ ਫਿਰ ਨਾ ਆਉਣ। 

 ਜ਼ਿੰਦਗੀ ਹੈ ਤਾਂ ਛੋਟੀਆਂ-ਛੋਟੀਆਂ ਸਮੱਸਿਆਵਾਂ ਤਾਂ ਆਉਣਗੀਆਂ ਹੀ। ਸਮੱਸਿਆਵਾਂ ਦੇ ਹੱਲ ਵਾਸਤੇ ਧਿਆਨ ਨਾਲ ਵਿਚਾਰ ਕਰੋ।

ਪਰਿਵਾਰ ਦੇ ਕਿਸੇ ਮੈਂਬਰ, ਵੱਡੇ-ਵਡੇਰੇ ਜਾਂ ਆਪਣੇ ਜੀਵਨ ਸਾਥੀ ਦੀ ਸਲਾਹ ਲਵੋ। ਵਾਧੂ ਦੀਆਂ ਪ੍ਰੇਸ਼ਾਨੀਆਂ ਕਰਨ ਦੀ ਬਜਾਏ ਹਕੀਕਤ ਦੀ ਧਰਤੀ ’ਤੇ ਖੜ੍ਹੇ ਹੋ ਕੇ ਸੋਚੋ। ਹੱਲ ਨਿਕਲ ਆਵੇਗਾ।

 ਕਿਹਾ ਜਾਂਦਾ ਹੈ ਕਿ ‘ਚਿੰਤਾ ਨਾ ਕਰੋ, ਚਿੰਤਨ ਕਰੋ’। ਜ਼ਿਆਦਾ ਚਿੰਤਾ ਕਰਨ ਅਤੇ ਤਣਾਅ ਵਿੱਚ ਰਹਿਣ ਨਾਲ ਤਨ ਅਤੇ ਮਨ ਜਲਦੀ ਥਕਾਵਟ, ਉਦਾਸੀ ਤੇ ਬੁਢਾਪਾ ਮਹਿਸੂਸ ਕਰਨ ਲੱਗ ਜਾਣਗੇ। ਕਦੇ ਵੀ ਆਪਣੀ ਪ੍ਰੇਸ਼ਾਨੀ ਨੂੰ ਆਪਣੇ ਦੁੱਖ ਨੂੰ ਵੱਡਾ ਕਰਕੇ ਨਾਲ ਦੇਖੋ। ਤੁਸੀਂ ਕੋਈ ਵੀ ਕੰਮ ਕਰਦੇ ਹੋਵੋ, ਕੰਮ ਕਰਦੇ-ਕਰਦੇ ਕਦੇ-ਕਦੇ ਮੂੰਹ-ਹੱਥ ਧੋ ਲਵੋ।

 ਮੂੰਹ ਵਿੱਚ ਪਾਣੀ ਭਰ ਕੇ ਫੁਲਾਓ। ਅੱਖਾਂ ’ਤੇ ਪਾਣੀ ਦੇ ਛਿੱਟੇ ਮਾਰੋ। ਜ਼ਿਆਦਾ ਥਕਾਵਟ ਮਹਿਸੂਸ ਹੋਵੇ ਤਾਂ ਨਹਾਇਆ ਵੀ ਜਾ ਸਕਦਾ ਹੈ। ਸ਼ਾਮ ਨੂੰ ਕੰਮ ਤੋਂ ਵਾਪਸ ਆਉਣ ਤੋਂ ਬਾਅਦ ਜ਼ਰੂਰ ਨਹਾਓ, ਖ਼ਾਸ ਤੌਰ ’ਤੇ ਗਰਮੀਆਂ ਦੇ ਮੌਸਮ ਵਿੱਚ। ਤੁਸੀਂ ਕਾਫ਼ੀ ਸਕੂਨ ਮਹਿਸੂਸ ਕਰੋਗੇ। ਆਪਣੀਆਂ ਅੱਖਾਂ ਬੰਦ ਕਰਕੇ ਚਿੰਤਾਮੁਕਤ ਹੋ ਕੇ ਆਪਣੇ ਹੱਥਾਂ ਨਾਲ ਆਪਣੀਆਂ ਅੱਖਾਂ ਢਕ ਲਵੋ। 

ਇਹ ਥਕਾਵਟ ਘੱਟ ਕਰਨ ਦਾ ਬਹੁਤ ਵਧੀਆ ਨੁਸਖਾ ਹੈ ਪਰ ਇੱਕ ਗੱਲ ਦਾ ਖਿਆਲ ਰੱਖੋ ਕਿ ਜਦੋਂ ਵੀ ਤੁਸੀਂ ਅਰਾਮ ਕਰੋ, ਉਦੋਂ ਚਿੰਤਾਮੁਕਤ ਹੋ ਕੇ ਸਿਰਫ਼ ਅਰਾਮ ਹੀ ਕਰੋ। ਲਗਾਤਾਰ ਕੰਮ ਕਰਨ ਦੇ ਵਿਚਕਾਰ ਕੋਲਡ ਡਰਿੰਕ, ਚਾਹ ਅਤੇ ਕਾਫ਼ੀ ਨਾ ਪੀਓ। ਸਧਾਰਨ ਪਾਣੀ, ਦੁੱਧ, ਨਿੰਬੂ ਪਾਣੀ, ਲੱਸੀ, ਸ਼ਰਬਤ ਵਰਗੀ ਹਲਕੀ-ਫੁਲਕੀ ਕੋਈ ਚੀਜ਼ ਲੋੜ ਮੁਤਾਬਿਕ ਲਈ ਜਾ ਸਕਦੀ ਹੈ। 

ਜੇ ਤੁਸੀਂ ਕੰਪਿਊਟਰ ’ਤੇ ਕੰਮ ਕਰਦੇ ਰਹਿੰਦੇ ਹੋ ਜਾਂ ਤੁਹਾਡੀ ਕੰਮ ਵਾਲੀ ਥਾਂ ’ਤੇ ਧੂੜ, ਮਿੱਟੀ, ਧੁੱਪ, ਧੂੰਆਂ ਅਤੇ ਜ਼ਿਆਦਾ ਗਰਮੀ ਰਹਿੰਦੀ ਹੋਵੇ ਤਾਂ ਤੁਹਾਡੀਆਂ ਅੱਖਾਂ ਵਿੱਚ ਤਣਾਓ ਅਤੇ ਥਕਾਵਟ ਹੋ ਜਾਂਦੀ, ਇਸ ਲਈ ਅੱਖਾਂ ’ਤੇ ਪਾਣੀ ਦੇ ਛਿੱਟੇ ਮਾਰਦੇ ਰਹੋ। ਜ਼ਿਆਦਾ ਚੱਲਣ ਜਾਂ ਖੜ੍ਹਨ ਨਾਲ ਪੈਰਾਂ ਜਾਂ ਅੱਡੀਆਂ ਵਿੱਚ ਦਰਦ ਹੋਣ ਲੱਗ ਜਾਂਦਾ ਹੈ। 

ਇਸ ਤੋਂ ਬਚਣ ਲਈ ਹਲਕੇ ਗਰਮ ਪਾਣੀ ਵਿੱਚ ਨਮਕ ਪਾ ਕੇ ਪੈਰਾਂ ਨੂੰ ਡੁਬੋ ਕੇ ਰੱਖਣ ਨਾਲ ਥੋੜ੍ਹੀ ਦੇਰ ਵਿਚ ਹੀ ਤੁਹਾਨੂੰ ਦਰਦ ਅਤੇ ਥਕਾਵਟ ਤੋਂ ਅਰਾਮ ਮਿਲ ਜਾਵੇਗਾ ਪਰ ਜੇਕਰ ਪਿੰਜਣੀਆਂ (ਕਾਫ ਏਰੀਆ) ਵਿੱਚ ਦਰਦ ਹੋਵੇ ਤਾਂ ਠੰਢਾ ਪਾਣੀ ਪਾਉਣਾ ਚਾਹੀਦਾ ਹੈ ਜਾਂ ਠੰਢੇ ਪਾਣੀ ਦੀ ਪੱਟੀ ਕਰਨੀ ਚਾਹੀਦੀ ਹੈ। ਗਰਮ ਪਾਣੀ ਦੀ ਬੋਤਲ ਨਾਲ ਦਰਦ ਅਤੇ ਸੋਜ਼ ਤੋਂ ਅਰਾਮ ਮਿਲਦਾ ਹੈ ਤੇ ਥਕਾਵਟ ਵੀ ਦੂਰ ਹੁੰਦੀ ਹੈ। ਇਸ ਨਾਲ ਹੀ ਸਿਹਤ ਸਬੰਧੀ ਆਮ ਨਿਯਮਾਂ ਦਾ ਧਿਆਨ ਰੱਖਣਾ ਵੀ ਫ਼ਾਇਦੇਮੰਦ ਰਹਿੰਦਾ ਹੈ।

ਜੇਕਰ ਕੋਈ ਮਜਬੂਰੀ ਨਹੀਂ ਤਾਂ ਆਮ ਤੌਰ ’ਤੇ ਸਾਨੂੰ ਜਲਦੀ ਸੌਣਾ ਚਾਹੀਦਾ ਹੈ। ਸਵੇਰੇ ਉੱਠ ਕੇ ਇੱਕ-ਦੋ ਗਿਲਾਸ ਪਾਣੀ ਪੀਓ ਅਤੇ ਪਖਾਨੇ ਜਾਓ, ਸੈਰ ਕਰੋ। ਯੋਗਾ-ਪ੍ਰਾਣਾਯਾਮ ਕਰੋ। ਹਲਕੀ,ਪੌਸ਼ਟਿਕ ਅਤੇ ਪਚਣਯੋਗ ਖ਼ੁਰਾਕ ਖਾਓ ਅਤੇ ਗਰਮ ਤਾਸੀਰ ਦੀ ਖ਼ੁਰਾਕ ਤੋਂ ਬਚੋ। ਕਬਜ਼ ਨਾ ਹੋਣ ਦੇਵੋ। ਆਪਣੇ ਕੰਮ ਅਨੁਸਾਰ ਸਹੀ ਨਿੱਤਨੇਮ ਅਪਣਾਓ। 

ਕਿਸੇ ਤਜਰਬੇਕਾਰ ਵਿਅਕਤੀ ਤੋਂ ਯੋਗ, ਮੈਡੀਟੇਸ਼ਨ ਜਾਂ ਪ੍ਰਾਣਾਯਾਮ ਦਾ ਗਿਆਨ ਹਾਸਲ ਕਰੋ ਤੇ ਸਿਖਲਾਈ ਲੈ ਕੇ ਲਾਭ ਉਠਾਓ। ਇਸ ਤੋਂ ਬਿਹਤਰ ਕੋਈ ਵੀ ਚੀਜ਼ ਅਜਿਹੀ ਨਹੀਂ ਹੈ ਜੋ ਤੁਹਾਡੇ ਦਿਮਾਗੀ ਅਤੇ ਸਰੀਰਕ ਤਣਾਅ ਦੇ ਨਾਲ-ਨਾਲ ਥਕਾਵਟ ਨੂੰ ਵੀ ਦੂਰ ਕਰ ਦੇਵੇ।

 ਡਾ.ਹਰਪ੍ਰੀਤ ਭੰਡਾਰੀ